Feb 4, 2021 10:09 AM -

ਕਿਸਾਨਾਂ ਦਾ ਮੁੱਦਾ ਰਾਜ ਸਭਾ 'ਚ ਚੁੱਕਦਿਆਂ 'ਆਪ' ਨੇਤਾ ਸੰਜੇ ਸਿੰਘ ਨੇ ਵੀਰਵਾਰ ਨੂੰ ਭਾਰਤ ਦੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਆਖਿਆ ਕਿ 'ਕਿਸਾਨਾਂ 'ਤੇ ਰਹਿਮ ਕਰੋ, ਉਹਨਾਂ 'ਤੇ ਲਾਠੀ-ਚਾਰਜ ਕੀਤਾ ਜਾ ਰਿਹਾ ਹੈ, ਗੱਦਾਰ ਆਖਿਆ ਜਾ ਰਿਹਾ ਹੈ, ਅੱਤਵਾਦੀ ਅਤੇ ਖ਼ਾਲਿਸਤਾਨੀ ਆਖਿਆ ਜਾ ਰਿਹਾ ਹੈ'|
ਸਿੰਘ ਨੇ ਆਖਿਆ,"ਕਿਸਾਨ ਬੀਤੇ 76 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ,ਉਹਨਾਂ 'ਤੇ ਲਾਠੀ-ਚਾਰਜ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਗੱਦਾਰ, ਅੱਤਵਾਦੀ ਅਤੇ ਖ਼ਾਲਿਸਤਾਨੀ ਆਖਿਆ ਜਾ ਰਿਹਾ ਹੈ| 11 ਦੌਰ ਦੀ ਗੱਲਬਾਤ ਵਿਅਰਥ ਰਹੀ, ਕਿਉਂਕਿ ਸਰਕਾਰ ਸਿਰਫ਼ ਗੱਲਬਾਤ ਲਈ ਹਮੇਸ਼ਾ ਹਾਜ਼ਰ ਰਹਿਣ ਦਾ ਦਾਅਵਾ ਹੀ ਕਰਦੀ ਹੈ ਪਰ ਅਸਲੀਅਤ 'ਚ ਉਸਨੂੰ ਕੋਈ ਪਰਵਾਹ ਨਹੀਂ ਹੈ| ਤਕਰੀਬਨ 165 ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ| ਰਹਿਮ ਕਰੋ ਅਤੇ ਤਿੰਨੇ ਕਾਲੇ ਕਾਨੂੰਨ ਰੱਦ ਕਰੋ|"
ਦੱਸਣਯੋਗ ਹੈ ਕਿ ਅੱਜ ਵੀ ਉਤਲੇ ਸਦਨ ਦੀ ਕਾਰਵਾਈ 'ਤੇ ਕਿਸਾਨਾਂ ਦਾ ਮੁੱਦਾ ਹਾਵੀ ਰਿਹਾ, ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਜਿਵੇਂ ਕਿ ਰਾਸ਼ਟਰੀ ਜਨਤਾ ਦਲ ਦੇ ਐੱਮਪੀ ਮਨੋਜ ਕੁਮਾਰ ਝਾਅ ਅਤੇ ਜਨਤਾ ਦਲ (ਸੈਕੂਲਰ) ਦੇ ਐੱਮਪੀ ਐਚ ਦੀ ਦੇਵਗੌੜਾ ਵੱਲੋਂ ਸਰਕਾਰ ਨੂੰ ਧਰਨੇ 'ਤੇ ਬੈਠੇ ਕਿਸਾਨਾਂ ਦੇ ਮੁੱਦੇ ਨੂੰ ਸੁਲਝਾਉਣ ਲਈ ਆਖਿਆ|
ਕੋਵਿਡ-19 ਕਰਕੇ ਰਾਜ ਸਭਾ ਦੀ ਬੈਠਕ ਰੋਜ਼ਾਨਾ 5 ਘੰਟਿਆਂ ਲਈ ਕੀਤੀ ਜਾਂਦੀ ਹੈ| ਅੱਜ ਦਾ ਇਜਲਾਸ ਵੀ ਕੱਲ ਸਵੇਰੇ 9 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ|
ਗ਼ੌਰਤਲਬ ਹੈ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020 , ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ|




