Sep 28, 2026 4:52 PM - Connect Newsroom - Ramandeep Kaur with files from The Canadian Press

ਮੈਟਰੋ ਵੈਨਕੂਵਰ ਸਮੇਤ ਕੋਸਟਲ ਬੀ.ਸੀ.ਅਤੇ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿਚ ਅੱਜ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਇਨਵਾਇਰਮੈਂਟ ਕੈਨੇਡਾ ਵਲੋਂ ਇਸ ਵਾਰਨਿੰਗ ਵਿਚ ਕਵਰ ਕੀਤੇ ਗਏ ਇਲਾਕਿਆਂ ਵਿਚ ਵੈਨਕੂਵਰ, ਬਰਨਬੀ ਅਤੇ ਨਿਊ ਵੈਸਟਮਿੰਸਟਰ ਤੋਂ ਇਲਾਵਾ ਨੌਰਥ ਸ਼ੋਰ, ਕੋਕੁਇਟਲਮ, ਮੈਪਲ ਰਿਜ ਅਤੇ ਹਾਓ ਸਾਊਂਡ ਸ਼ਾਮਲ ਹਨ, ਇਸ ਦੇ ਨਾਲ ਹੀ ਸੈਂਟਰਲ ਕੋਸਟ, ਕਿਟੀਮੈਟ ਅਤੇ ਪੱਛਮੀ ਵੈਨਕੂਵਰ ਆਈਲੈਂਡ ਲਈ ਵੀ ਇਹੀ ਚਿਤਾਵਨੀਆਂ ਜਾਰੀ ਹੋਈਆਂ ਹਨ।
ਮੌਸਮ ਵਿਭਾਗ ਨੇ ਮੈਟਰੋ ਵੈਨਕੂਵਰ ਵਿਚ 50 ਤੋਂ 70 ਮਿਲੀਮੀਟਰ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜੋ ਸ਼ਾਮ ਨੂੰ ਸ਼ੁਰੂ ਹੋ ਸਕਦਾ ਹੈ ਅਤੇ ਮੰਗਲਵਾਰ ਦੁਪਹਿਰ ਨੂੰ ਇਸ ਦੇ ਘੱਟ ਹੋਣ ਦੀ ਉਮੀਦ ਜਤਾਈ ਗਈ ਹੈ। ਉਥੇ ਹੀ, ਵੈਨਕੂਵਰ ਆਈਲੈਂਡ ਅਤੇ ਸੈਂਟਰਲ ਕੋਸਟ 'ਤੇ 100 ਮਿਲੀਮੀਟਰ ਤੱਕ ਮੀਂਹ ਪੈਣ ਦਾ ਅਨੁਮਾਨ ਲਗਾਇਆ ਗਿਆ ਹੈ।
ਮੌਸਮ ਏਜੰਸੀ ਮੁਤਾਬਕ, ਹਫ਼ਤੇ ਦੀ ਸ਼ੁਰੂਆਤ ਮੀਂਹ ਨਾਲ ਹੋਣ ਤੋਂ ਬਾਅਦ ਵੀਕੈਂਡ ਤੱਕ ਬੀ.ਸੀ.ਦੇ ਸਾਊਥ ਕੋਸਟ ਵਿਚ ਮੌਸਮ ਗਰਮ ਅਤੇ ਖੁਸ਼ਗਵਾਰ ਧੁੱਪ ਵਾਲਾ ਰਹਿਣ ਦੀ ਉਮੀਦ ਹੈ।




