Aug 18, 2026 4:03 PM - Connect Newsroom - Jasmine Singh

ਨੈਨਾਇਮੋ ਆਰ.ਸੀ.ਐਮ.ਪੀ. ਵੱਲੋਂ 16 ਅਗਸਤ ਨੂੰ ਵਾਪਰੇ ਇੱਕ ਹਿੱਟ-ਐਂਡ-ਰਨ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਘਟਨਾ ਉਸ ਦਿਨ ਤੜਕੇ ਕਰੀਬ 1:48 ਵਜੇ ਐਲਬਰਟ ਸਟ੍ਰੀਟ ਅਤੇ ਡਨਸਮੁਇਰ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਵਾਪਰੀ, ਜਿੱਥੇ ਇੱਕ ਗੱਡੀ ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਆਪਣੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਫਰੰਟ ਲਾਈਨ ਔਫੀਸਰ ਨੇ ਮੌਕੇ 'ਤੇ ਪਹੁੰਚ ਕੇ ਗੰਭੀਰ ਰੂਪ ਵਿਚ ਜ਼ਖਮੀ ਆਦਮੀ ਨੂੰ ਹਸਪਤਾਲ ਪਹੁੰਚਾਇਆ ਪਰ ਉਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਸ਼ੁਰੂਆਤ ਵਿਚ ਇੱਕ ਡਰਾਈਵਰ ਨੂੰ ਹਿਰਾਸਤ ਵਿਚ ਲਿਆ ਪਰ ਜਾਂਚ ਦੌਰਾਨ ਉਸ ਦਾ ਘਟਨਾ ਨਾਲ ਕੋਈ ਸਬੰਧ ਨਾ ਮਿਲਣ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ।
ਵਰਤਮਾਨ ਵਿਚ ਨੈਨਾਇਮੋ ਆਰ.ਸੀ.ਐਮ.ਪੀ. ਦਾ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਔਫੀਸਰ ਨੇ ਸ਼ੱਕੀ ਗੱਡੀ ਬਾਰੇ ਕੋਈ ਵੀ ਵੀਡੀਓ ਜਾਂ ਜਾਣਕਾਰੀ ਹੋਣ 'ਤੇ ਨੈਨਾਇਮੋ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਦੱਸੀ ਗਈ ਹੈ।




