Sep 5, 2023 7:18 PM - The Canadian Press

ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਬਾਰੇ ਚਿੰਤਾ ਜਤਾਏ ਜਾਣ ਤੋਂ ਬਾਅਦ ਫੈਡਰਲ ਸਰਕਾਰ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਕਰ ਰਹੀ ਹੈ।
ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਉਹ ਆਸ਼ਾਵਾਦੀ ਹਨ ਕਿ ਦੋਵੇਂ ਦੇਸ਼ ਨੇੜਲੇ ਸਬੰਧ ਬਣਾਉਣ ਲਈ ਡਾਇਸਪੋਰਾ ਦੀ ਭਖਦੀ ਸਿਆਸਤ ਤੋਂ ਕਿਨਾਰਾ ਕਰ ਸਕਦੇ ਹਨ।
ਕੈਨੇਡਾ ਵਿੱਚ ਸਿੱਖ ਭਾਈਚਾਰਿਆਂ ਦੇ ਕੁਝ ਮੈਂਬਰ ਪੰਜਾਬ ਨੂੰ ਇੱਕ ਸੁਤੰਤਰ ਰਾਜ ਬਣਾਉਣ ਦੀ ਵਕਾਲਤ ਕਰਦੇ ਹਨ, ਪਰ ਭਾਰਤ ਸਰਕਾਰ ਇਸਨੂੰ ਇੱਕ ਕੱਟੜਪੰਥੀ ਲਹਿਰ ਵਜੋਂ ਮੰਨਦੀ ਹੈ ਜੋ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦੀ ਹੈ।
ਜੂਨ ਵਿੱਚ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਇਸ ਮੁੱਦੇ ‘ਤੇ ਬਿਆਨਬਾਜ਼ੀ ਤੇਜ਼ ਹੋ ਗਈ ਸੀ ਤੇ ਭਾਈਚਾਰੇ ਦੇ ਕੁਝ ਲੋਕ ਇਸ ਮੌਤ ਪਿੱਛੇ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਮੰਨਦੇ ਹਨ।
ਦੂਜੇ ਪਾਸੇ ਆਰਸੀਐਮਪੀ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਅਜਿਹੇ ਸਬੰਧਾਂ ਦਾ ਕੋਈ ਸਬੂਤ ਨਹੀਂ ਹੈ ਅਤੇ ਜਾਂਚਕਰਤਾਵਾਂ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਖਤਰਾ ਹੈ।
ਦੱਸ ਦਈਏ ਕਿ ਅਮਰੀਕਾ ਸਥਿਤ ਇੱਕ ਸਮੂਹ ਨੇ ਕੈਨੇਡਾ ਵਿੱਚ ਸਿੱਖਾਂ ਨੂੰ ਭਾਰਤ ਦੇ ਡਿਪਲੋਮੈਟਿਕ ਮਿਸ਼ਨਾਂ ਦੀ ਘੇਰਾਬੰਦੀ ਕਰਨ ਤੇ ਡਿਪਲੋਮੈਟਾਂ ਦੇ ਘਰ ਲੱਭਣ ਦੀ ਅਪੀਲ ਕੀਤੀ ਹੈ।
ਇਸ ਗਰੁੱਪ ਵੱਲੋਂ ਕਿਲ ਇੰਡੀਆ ਦੇ ਪੋਸਟਰ ਵੀ ਜਾਰੀ ਕੀਤੇ ਗਏ ਹਨ।




