Dec 12, 2024 6:19 PM - Connect Newsroom

ਭਾਰਤ ਦੇ ਡੀ ਗੁਕੇਸ਼ ਨੇ ਸ਼ਤਰੰਜ ਦੀ ਦੁਨੀਆ ’ਚ ਇਤਿਹਾਸ ਰਚ ਦਿੱਤਾ ਹੈ। ਉਹ ਸ਼ਤਰੰਜ ਦੇ ਨਵੇਂ ਅਤੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਚੈਂਪੀਅਨ ਬਣ ਗਏ ਹਨ। ਗੁਕੇਸ਼ ਨੇ ਚੀਨ ਦੇ ਸਾਮਰਾਜ ਨੂੰ ਖਤਮ ਕਰ ਦਿੱਤਾ ਹੈ।
ਡੋਮਰਾਜੂ ਗੁਕੇਸ਼ ਨੇ ਵੀ ਇੱਕ ਰਿਕਾਰਡ ਦੇ ਮਾਮਲੇ ਵਿੱਚ ਸਾਬਕਾ ਭਾਰਤੀ ਸ਼ਤਰੰਜ ਮਾਸਟਰ ਵਿਸ਼ਵਨਾਥਨ ਆਨੰਦ ਦੀ ਬਰਾਬਰੀ ਕਰ ਲਈ ਹੈ। ਦਰਅਸਲ, ਵੀਰਵਾਰ ਨੂੰ ਸਿੰਗਾਪੁਰ ਵਿੱਚ ਵਿਸ਼ਵ ਸ਼ਤਰੰਜ ਚੈਂਪੀਅਨ 2024 ਦਾ ਫਾਈਨਲ ਮੈਚ ਖੇਡਿਆ ਗਿਆ।
ਇਸ ਮਹੱਤਵਪੂਰਨ ਮੈਚ ਵਿੱਚ ਗੁਕੇਸ਼ ਦਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਅਤੇ ਚੀਨ ਦੇ ਸ਼ਤਰੰਜ ਮਾਸਟਰ ਡਿੰਗ ਲੀਰੇਨ ਨਾਲ ਸੀ। ਖ਼ਿਤਾਬੀ ਮੁਕਾਬਲੇ ਵਿੱਚ ਡੀ ਗੁਕੇਸ਼ ਨੇ 14ਵੀਂ ਗੇਮ ਵਿੱਚ ਡਿੰਗ ਲੀਰੇਨ ਨੂੰ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕਰ ਲਿਆ।
ਇਸ ਸ਼ਾਨਦਾਰ ਜਿੱਤ ਨਾਲ 18 ਸਾਲਾ ਡੀ ਗੁਕੇਸ਼ ਹੁਣ ਸ਼ਤਰੰਜ ਵਿੱਚ ਸਭ ਤੋਂ ਘੱਟ ਉਮਰ ਦੇ ਵਿਸ਼ਵ ਚੈਂਪੀਅਨ ਬਣ ਗਏ ਹਨ। ਉਹ ਇਸ ਜਿੱਤ ਨਾਲ ਵਿਸ਼ਵਨਾਥਨ ਆਨੰਦ ਦੇ ਕਲੱਬ ਵਿੱਚ ਵੀ ਸ਼ਾਮਲ ਹੋ ਗਏ ਹਨ।
ਦਰਅਸਲ, ਉਹ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ਵਾਲੇ ਭਾਰਤ ਦੇ ਦੂਜੇ ਖਿਡਾਰੀ ਬਣ ਗਏ ਹਨ। ਜਦੋਂ ਕਿ ਵਿਸ਼ਵਨਾਥਨ ਪਹਿਲੇ ਭਾਰਤੀ ਹਨ। 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਆਪਣਾ ਆਖਰੀ ਖਿਤਾਬ 2013 ਵਿੱਚ ਜਿੱਤਿਆ ਸੀ।




