Mar 26, 2025 12:30 PM - The Canadian Press

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀਰਵਾਰ ਨੂੰ ਅਮਰੀਕਾ ਦੇ ਫਲੋਰੀਡਾ ਵਿਚ ਇਕ ਇਵੈਂਟ ਵਿਚ ਸ਼ਾਮਲ ਹੋਣ ਜਾ ਰਹੇ ਹਨ, ਜਿੱਥੇ ਅਮਰੀਕੀ ਪੌਡਕਾਸਟਰ ਬੈਨ ਸ਼ਪੀਰੋ ਪ੍ਰਮੁੱਖ ਸਪੀਕਰ ਹੋਣਗੇ।
ਸਮਿਥ ਦੇ ਸ਼ਪੀਰੋ ਨਾਲ ਸਟੇਜ ਸਾਂਝੀ ਕਰਨ ਤੋਂ ਪਹਿਲਾਂ ਹੀ ਸੂਬੇ ਦੀ ਵਿਰੋਧੀ ਧਿਰ ਪ੍ਰੀਮੀਅਰ ਦੇ ਇਸ ਦੌਰੇ ਦਾ ਸਖ਼ਤ ਵਿਰੋਧ ਕਰ ਰਹੀ ਹੈ। ਸ਼ਪੀਰੋ ਇੱਕ ਮਸ਼ਹੂਰ ਅਮਰੀਕੀ ਪੌਡਕਾਸਟਰ ਹੈ ਜਿਸ ਨੇ ਕਿਹਾ ਸੀ ਕਿ ਕੈਨੇਡਾ ਇੱਕ "ਮੂਰਖ ਦੇਸ਼" ਹੈ ਜਿਸ ਨੂੰ ਵੋਟਾਂ ਕਰਾਉਣ ਤੋਂ ਬਿਨਾਂ ਹੀ ਅਮਰੀਕਾ ਵਿਚ ਮਿਲਾ ਲਿਆ ਜਾਣਾ ਚਾਹੀਦਾ ਹੈ। ਸੂਬੇ ਦੀ ਵਿਰੋਧੀ ਧਿਰ ਐਨਡੀਪੀ ਦੇ ਲੀਡਰ ਨਹੀਦ ਨੈਨਸ਼ੀ ਨੇ ਸ਼ਪੀਰੋ ਨਾਲ ਇਸ ਇਵੈਂਟ ਵਿਚ ਸਮਿਥ ਦੇ ਸ਼ਾਮਲ ਹੋਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੀਮੀਅਰ ਨੂੰ ਅਜਿਹੇ ਦੌਰੇ ਲਈ ਟੈਕਸ ਦਾਤਾਵਾਂ ਦੇ ਪੈਸੇ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ।
ਉੱਥੇ ਹੀ ਸਮਿਥ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਦੌਰਾ ਇਸ ਲਈ ਮਾਈਨੇ ਰੱਖਦਾ ਹੈ ਤਾਂ ਕਿ ਲੱਖਾਂ ਅਮਰੀਕੀਆਂ ਤੱਕ ਉਹ ਇਹ ਗੱਲ ਪਹੁੰਚਾ ਸਕਣ ਕਿ ਟੈਰਿਫ ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਅਤੇ ਇੰਡਸਟਰੀਜ਼ ਲਈ ਨੁਕਸਾਨਦਾਇਕ ਹੈ ਅਤੇ ਅਮੈਰੀਕਨਜ਼ ਨੂੰ ਟਰੰਪ ਪ੍ਰਸ਼ਾਸਨ ਉੱਤੇ ਇਸ ਨੂੰ ਰੋਕਣ ਦਾ ਦਬਾਅ ਪਾਉਣਾ ਚਾਹੀਦਾ ਹੈ।



