Oct 2, 2024 6:47 PM - Connect Newsroom - Debby Rai with files from The Canadian Press

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਰਾਨ ਵੱਲੋਂ ਇਜ਼ਰਾਇਲ ’ਤੇ ਕੀਤੇ ਵੱਡੇ ਮਿਸਾਈਲ ਹਮਲੇ ਦੀ ਕੜੀ ਨਿੰਦਾ ਕੀਤੀ ਹੈ, ਕਹਿੰਦੇ ਹੋਏ ਕਿ ਇਹ ਕਦਮ ਮੱਧ ਪੂਰਬ ’ਚ ਵੱਡੇ ਖੇਤਰੀ ਯੁੱਧ ਦਾ ਖ਼ਤਰਾ ਪੈਦਾ ਕਰ ਸਕਦਾ ਹੈ।
ਮੰਗਲਵਾਰ ਨੂੰ ਇਰਾਨ ਨੇ ਲਗਭਗ 200 ਬੈਲਿਸਟਿਕ ਮਿਸਾਈਲ ਇਜ਼ਰਾਇਲ ਵੱਲ ਦਾਗੇ ਅਤੇ ਚੇਤਾਵਨੀ ਦਿੱਤੀ ਕਿ ਜੇ ਇਜ਼ਰਾਇਲ ਵੱਲੋਂ ਜਵਾਬੀ ਹਮਲਾ ਕੀਤਾ ਗਿਆ ਤਾਂ “ਹੋਰ ਸਖ਼ਤ” ਕਾਰਵਾਈ ਕੀਤੀ ਜਾਵੇਗੀ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਇਜ਼ਰਾਇਲ ਨੇ ਹਿਜ਼ਬੁੱਲ੍ਹਾ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਦਿਆਂ ਲੈਬਨਾਨ ਵਿਚ ਜ਼ਮੀਨੀ ਫੌਜਾਂ ਤਾਇਨਾਤ ਕੀਤੀਆਂ।
ਟਰੂਡੋ ਨੇ ਇਰਾਨੀ ਕਾਰਵਾਈ ਨੂੰ ਖੇਤਰ ਵਿਚ “ਅਸਥਿਰਤਾ ਪੈਦਾ ਕਰਨ ਵਾਲਾ” ਅਤੇ ਇਕ “ਆਤੰਕਵਾਦੀ ਰਾਜ” ਵੱਲੋਂ ਕੀਤਾ ਖ਼ਤਰਨਾਕ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਸਵੇਰੇ ਜੀ7 ਦੇ ਹੋਰ ਨੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਦੇਸ਼ਾਂ ਨੇ ਖੇਤਰ ’ਚ ਅਮਨ ਤੇ ਸਥਿਰਤਾ ਕਾਇਮ ਰੱਖਣ ਲਈ ਮਿਲਜੁਲ ਕੇ ਯਤਨ ਕਰਨ ’ਤੇ ਸਹਿਮਤੀ ਜਤਾਈ।
ਸੰਯੁਕਤ ਰਾਸ਼ਟਰ ਨੇ ਵੀ ਖੇਤਰ ਦੀ ਬਦਤਰ ਹੋ ਰਹੀ ਸਥਿਤੀ ’ਤੇ ਚਿੰਤਾ ਜਤਾਈ। ਸੰਯੁਕਤ ਰਾਸ਼ਟਰ ਦੇ ਮਹਾਸਚਿਵ ਐਂਟੋਨਿਓ ਗੁਤੇਰਸ ਨੇ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਬੈਠਕ ਵਿਚ ਕਿਹਾ ਕਿ ਲੈਬਨਾਨ ਦੀ ਸਥਿਤੀ ਸਿਰਫ਼ ਇੱਕ ਹਫ਼ਤੇ ਵਿਚ “ਬੁਰੀ ਤੋਂ ਬਹੁਤ ਜ਼ਿਆਦਾ ਬੁਰੀ” ਹੋ ਗਈ ਹੈ ਅਤੇ ਉਨ੍ਹਾਂ ਨੇ ਸਾਰੇ ਪੱਖਾਂ ਨੂੰ ਤੁਰੰਤ ਗੋਲੀਬਾਰੀ ਰੋਕਣ ਦੀ ਅਪੀਲ ਕੀਤੀ।
ਕੈਨੇਡਾ ਪਹਿਲਾਂ ਵੀ ਖੇਤਰ ਵਿਚ ਕੂਟਨੀਤਿਕ ਅਤੇ ਮਨੁੱਖੀ ਸਹਾਇਤਾ ਉਪਰਾਲਿਆਂ ਦਾ ਸਮਰਥਨ ਕਰਦਾ ਰਿਹਾ ਹੈ, ਹਾਲਾਂਕਿ ਓਟਾਵਾ ਵੱਲੋਂ ਨਵੇਂ ਕਦਮਾਂ ਦੀ ਘੋਸ਼ਣਾ ਹਜੇ ਨਹੀਂ ਕੀਤੀ ਗਈ।




