Sep 11, 2024 1:01 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਅਮਰੀਕਾ ਰਾਹੀਂ ਇਜ਼ਰਾਇਲ ਨੂੰ ਹਥਿਆਰ ਨਿਰਯਾਤ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਸ ਸਬੰਧ ਵਿਚ ਕੈਨੇਡੀਅਨ ਕੰਪਨੀਆਂ ਦੇ 30 ਹਥਿਆਰ ਨਿਰਯਾਤ ਪਰਮਿਟ ਸਸਪੈਂਡ ਕੀਤੇ ਗਏ ਹਨ। ਵਿਦੇਸ਼ ਮੰਤਰੀ, ਮੇਲਾਨੀ ਜੋਲੀ ਨੇ ਕਿਹਾ ਕਿ ਇਸ ਕਦਮ ਨਾਲ ਕਿਸੇ ਤੀਜੇ ਦੇਸ਼ ਰਾਹੀਂ ਕੈਨੇਡੀਅਨ ਹਥਿਆਰਾਂ ਦੇ ਨਿਰਯਾਤ ਨੂੰ ਰੋਕਿਆ ਜਾ ਰਿਹਾ ਹੈ, ਜਿਨ੍ਹਾਂ ਦਾ ਇਸਤੇਮਾਲ ਗਾਜ਼ਾ ਵਿਚ ਹੋ ਸਕਦਾ ਹੈ।
ਹਾਲਾਂਕਿ, ਜੋਲੀ ਨੇ ਇਸ ਫੈਸਲੇ ਨਾਲ ਪ੍ਰਭਾਵਿਤ ਹੋਣ ਵਾਲੀਆਂ ਕੈਨੇਡੀਅਨ ਕੰਪਨੀਆਂ ਜਾਂ ਉਤਪਾਦਾਂ ਦਾ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਸੰਕੇਤ ਦਿੱਤਾ ਕਿ ਕਿਊਬਿਕ-ਆਧਾਰਿਤ ਜਨਰਲ ਡਾਇਨਾਮਿਕਸ ਹੁਣ ਅਮਰੀਕਾ ਨੂੰ ਹਥਿਆਰਾਂ ਦੇ ਹਿੱਸੇ ਦੀ ਸਪਲਾਈ ਲਈ ਕੋਈ ਨਵਾਂ ਇਕਰਾਰਨਾਮਾ ਨਹੀਂ ਕਰ ਸਕਦੀ।
ਅਮਰੀਕਾ ਨੇ ਇਜ਼ਰਾਇਲ ਨੂੰ ਵਿਦੇਸ਼ੀ ਹਥਿਆਰਾਂ ਦੀ ਵਿਕਰੀ ਲਈ ਹਾਲ ਹੀ ਵਿਚ ਜਨਰਲ ਡਾਇਨਾਮਿਕਸ ਤੋਂ 2026 ਵਿਚ 50,000 ਮੋਰਟਾਰ ਕਾਰਤੂਸ ਖਰੀਦਣ ਦੀ ਯੋਜਨਾ ਦੀ ਘੋਸ਼ਣਾ ਕੀਤੀ ਹੈ। ਗੌਰਤਲਬ ਹੈ ਕਿ ਇਜ਼ਰਾਇਲ ਦੇ ਗਾਜ਼ਾ ਵਿਚ ਲਗਾਤਾਰ ਹਮਲਿਆਂ ਨੇ ਕੈਨੇਡਾ ਵਰਗੇ ਉਸ ਦੇ ਸਹਿਯੋਗੀਆਂ ਨੂੰ ਮਦਦ ਰੋਕਣ ਲਈ ਮਜ਼ਬੂਰ ਕੀਤਾ ਹੈ।




