May 16, 2025 4:18 PM - The Canadian Press

ਕੈਨੇਡਾ ਦੀ ਵਿਸ਼ਵ ਜੂਨੀਅਰ ਹਾਕੀ ਟੀਮ ਦੇ ਸਾਬਕਾ 5 ਖਿਡਾਰੀਆਂ ਨਾਲ ਸਬੰਧਤ ਜਿਨਸੀ ਹਮਲੇ ਦੇ ਮੁਕੱਦਮੇ ਵਿਚ ਜਿਊਰੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਓਨਟਾਰੀਓ ਸੁਪੀਰੀਅਰ ਕੋਰਟ ਦੀ ਜਸਟਿਸ ਮਾਰੀਆ ਕੈਰੋਕੀਆ ਨੇ ਇਸ ਮੁਕੱਦਮੇ ਵਿਚ ਜਿਊਰੀ ਨੂੰ ਖਾਰਜ ਕੀਤਾ।
ਉਨ੍ਹਾਂ ਸ਼ੁੱਕਰਵਾਰ ਸਵੇਰੇ ਜਿਊਰੀ ਨੂੰ ਕਿਹਾ ਕਿ ਮੈਂ ਇਹ ਗੱਲ ਸਮਝਦੀ ਹਾਂ ਕਿ ਤੁਸੀਂ ਇਸ ਮੁਕੱਦਮੇ ਵਿਚ 4 ਹਫ਼ਤੇ ਲਗਾਏ ਹਨ ਅਤੇ ਤੁਹਾਡੇ ਵਲੋਂ ਲਾਏ ਗਏ ਸਮੇਂ ਅਤੇ ਮਿਹਨਤ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਪਰ ਮੈਂ ਇਸ ਮਾਮਲੇ ਵਿਚ ਇਹ ਨਿਰਧਾਰਤ ਕੀਤਾ ਹੈ ਕਿ ਜਿਊਰੀ ਨੂੰ ਹਟਾਉਣਾ ਸਹੀ ਕਦਮ ਹੋਵੇਗਾ, ਇਸ ਲਈ ਤੁਹਾਡਾ ਧੰਨਵਾਦ ਅਤੇ ਤੁਸੀਂ ਜਾ ਸਕਦੇ ਹੋ।
ਇਹ ਘਟਨਾਕ੍ਰਮ ਇਸ ਮਾਮਲੇ ਵਿਚ ਹੁਣ 27 ਸਾਲ ਦੀ ਹੋ ਚੁੱਕੀ ਸ਼ਿਕਾਇਤਕਰਤਾ ਦੀ ਨੌ ਦਿਨਾਂ ਦੀ ਗਵਾਹੀ ਪੂਰੀ ਹੋਣ ਦੇ ਕੁਝ ਦਿਨਾਂ ਬਾਅਦ ਹੋਇਆ ਹੈ, ਜਿਨ੍ਹਾਂ ਵਿਚੋਂ ਸੱਤ ਦਿਨ ਉਸ ਨੇ ਡਿਫੈਂਸ ਵਕੀਲਾਂ ਤੋਂ ਸਵਾਲਾਂ ਦਾ ਸਾਹਮਣਾ ਕੀਤਾ। ਹੁਣ ਇਸ ਕੇਸ ਦੀ ਕਾਰਵਾਈ ਜਸਟਿਸ ਕੈਰੋਕੀਆ ਦੇਖਣਗੇ ਅਤੇ ਉਨ੍ਹਾਂ 'ਤੇ ਜਿਊਰੀ ਤੋਂ ਬਿਨਾਂ ਫੈਸਲਾ ਲੈਣ ਦੀ ਜ਼ਿੰਮੇਵਾਰੀ ਹੋਵੇਗੀ।




