Sep 10, 2024 12:58 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਅੱਜ ਆਪੋ-ਆਪਣੇ ਕਾਕਸ ਨੂੰ ਸੰਬੋਧਨ ਕਰਨਗੇ। 16 ਸਤੰਬਰ ਨੂੰ ਸ਼ੁਰੂ ਹੋ ਰਹੇ ਸੰਸਦੀ ਸੈਸ਼ਨ ਤੇ ਇਸੇ ਦਿਨ ਹੋਣ ਵਾਲੀਆਂ ਦੋ ਜ਼ਿਮਨੀ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੀਆਂ ਇਹ ਮਹੱਤਵਪੂਰਨ ਬੈਠਕਾਂ ਹਨ।
ਲਿਬਰਲਸ ਦੀ ਬੈਠਕ ਬੀ.ਸੀ. ਦੀ ਨਾਨਾਇਮੋ ਵਿਚ ਹੋ ਰਹੀ ਹੈ। ਉਥੇ ਹੀ, ਐਨ.ਡੀ.ਪੀ ਨੇ ਮਾਂਟਰੀਅਲ ਵਿਚ ਤਿੰਨ ਦਿਨਾ ਬੈਠਕ ਸ਼ੁਰੂ ਕੀਤੀ ਹੈ, ਜਿੱਥੇ ਦੀ ਲਸੇਲ-ਏਮਾਰਡ-ਵਰਡਨ ਰਾਈਡਿੰਗ ਸਮੇਤ ਵਿਨੀਪੈਗ ਦੇ ਐਲਮਵੁੱਡ–ਟ੍ਰਾਂਸਕੋਨਾ 'ਤੇ 16 ਸਤੰਬਰ ਨੂੰ ਵੋਟਿੰਗ ਹੋਵੇਗੀ। ਵਿਨੀਪੈਗ ਦੀ ਰਾਈਡਿੰਗ ਐੱਨ. ਡੀ. ਪੀ. ਦਾ ਗੜ੍ਹ ਰਹੀ ਹੈ। ਉੱਥੇ ਹੀ, ਮਾਂਟਰੀਅਲ ਦੀ ਰਾਈਡਿੰਗ 2015 ਤੋਂ ਲਿਬਰਲਸ ਕੋਲ ਸੀ, ਜੋ ਸਾਬਕਾ ਜਸਟਿਸ ਮਿਨਿਸਟਰ ਡੇਵਿਡ ਲੈਮੇਟੀ ਦੇ ਜਨਵਰੀ ਵਿਚ ਅਸਤੀਫਾ ਦੇਣ ਨਾਲ ਖਾਲੀ ਹੋਈ ਸੀ।
ਮਾਂਟਰੀਅਲ ਦੀ ਜ਼ਿਮਨੀ ਚੋਣਾਂ ਪੀ. ਐੱਮ. ਜਸਟਿਨ ਟਰੂਡੋ ਦੀ ਲੀਡਰਸ਼ਿਪ ਲਈ ਇੱਕ ਹੋਰ ਟੈਸਟ ਹੋਵੇਗਾ, ਨਾਲ ਹੀ ਜਗਮੀਤ ਸਿੰਘ ਲਈ ਵੀ ਲਿਬਰਲਸ ਤੋਂ ਵੱਖ ਹੋਣ ਮਗਰੋਂ ਇਹ ਪਹਿਲੀ ਪ੍ਰੀਖਿਆ ਹੋਵੇਗੀ। ਉਥੇ ਹੀ, ਲਿਬਰਲਸ ਕਾਕਸ ਨੂੰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇਵੀ ਸੰਬੋਧਨ ਕਰਨਗੇ, ਪਾਰਟੀ ਨੇ ਉਨ੍ਹਾਂ ਨੂੰ ਆਪਣੀ ਆਰਥਿਕ ਟਾਸਕ ਫੋਰਸ ਦੇ ਮੁਖੀ ਨਿਯੁਕਤ ਕੀਤਾ ਹੈ।




