Sep 16, 2024 4:11 PM - The Associated Press

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ’ਤੇ 64 ਦਿਨਾਂ ਬਾਅਦ ਇੱਕ ਵਾਰ ਫਿਰ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਹੈ। ਟਰੰਪ ਫਲੋਰੀਡਾ ਦੇ ਆਪਣੇ ਗੋਲਫ ਕਲੱਬ ਵਿਚ ਖੇਡ ਰਹੇ ਸਨ, ਜਦੋਂ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਸੀਕ੍ਰੇਟ ਸਰਵਿਸ ਏਜੰਟ ਨੇ ਝਾੜੀਆਂ ਵਿਚ ਲੁਕੇ ਇੱਕ ਸ਼ੱਕੀ ਨੂੰ ਦੇਖਿਆ। ਸ਼ੱਕੀ ਕੋਲ ਏ.ਕੇ.-47 ਵਰਗੀ ਰਾਈਫਲ ਅਤੇ ਗੋ ਪ੍ਰੋ ਕੈਮਰਾ ਸੀ।
ਰਾਈਫਲ ਦਾ ਨਿਸ਼ਾਨਾ ਗੋਲਫ ਕੋਰਸ ਵੱਲ ਸੀ। ਟਰੰਪ ਅਤੇ ਹਮਲਾਵਰ ਵਿਚਕਾਰ ਕਰੀਬ 300 ਤੋਂ 500 ਮੀਟਰ ਦੀ ਦੂਰੀ ਸੀ। ਏਜੰਟ ਨੇ ਸ਼ੱਕੀ ਨੂੰ ਦੇਖਦੇ ਹੀ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਉਹ ਆਪਣੀ ਐੱਸ.ਯੂ.ਵੀ. ਵਿਚ ਫਰਾਰ ਹੋ ਗਿਆ ਅਤੇ ਸੀਕ੍ਰੇਟ ਸਰਵਿਸ ਏਜੰਟਸ ਨੇ ਗੱਡੀ ਦਾ ਪਿੱਛਾ ਕਰਕੇ ਉਸ ਨੂੰ ਗੋਲਫ ਕੋਰਸ ਤੋਂ 60 ਕਿਲੋਮੀਟਰ ਦੂਰ ਹਾਈਵੇ ’ਤੇ ਗ੍ਰਿਫਤਾਰ ਕੀਤਾ।
ਸ਼ੱਕੀ ਦੀ ਪਛਾਣ 58 ਸਾਲਾ ਰਿਆਨ ਵੇਸਲੇ ਰੂਥ ਵਜੋਂ ਹੋਈ, ਜੋ ਹਵਾਈ ਵਿਚ ਇੱਕ ਛੋਟੀ ਉਸਾਰੀ ਕੰਪਨੀ ਦਾ ਮਾਲਕ ਹੈ। ਰਿਪੋਰਟਸ ਮੁਤਾਬਕ, ਰੂਥ ਸੋਸ਼ਲ ਮੀਡੀਆ ’ਤੇ ਟਰੰਪ ਦਾ ਆਲੋਚਕ ਰਿਹਾ ਹੈ ਅਤੇ ਯੂਕਰੇਨ ਦਾ ਕੱਟੜ ਸਮਰਥਕ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ 13 ਜੁਲਾਈ ਨੂੰ ਇੱਕ ਰੈਲੀ ਦੌਰਾਨ ਟਰੰਪ ’ਤੇ ਫਾਇਰਿੰਗ ਹੋਈ ਸੀ, ਗੋਲੀ ਉਨ੍ਹਾਂ ਦੇ ਕੰਨ ਨੂੰ ਛੂਹੰਦੇ ਹੋਏ ਲੰਘ ਗਈ ਸੀ।




