Jul 29, 2026 5:31 PM - Connect Newsroom - Jasmine Singh

ਨੈਨਾਇਮੋ ਸ਼ਹਿਰ ਵਿਚ ਇੱਕ ਨਾਈਟ ਕਲੱਬ ਦੇ ਬਾਹਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਇੱਕ 33 ਸਾਲਾ ਵਿਅਕਤੀ ਖ਼ਿਲਾਫ਼ manslaughter ਦਾ ਚਾਰਜ ਦਰਜ ਕੀਤਾ ਹੈ। ਆਰ.ਸੀ.ਐਮ.ਪੀ. ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਹਿੰਸਕ ਘਟਨਾ 17 ਜੁਲਾਈ ਨੂੰ ਵੱਡੇ ਤੜਕੇ ਲਗਭਗ 1 ਵਜੇ ਡਾਊਨਟਾਊਨ ਸਥਿਤ Sweet Spot Lounge ਦੇ ਬਾਹਰ ਵਾਪਰੀ ਸੀ, ਜਿੱਥੇ ਹੋਈ ਆਪਸੀ ਲੜਾਈ ਦੌਰਾਨ ਇੱਕ 27 ਸਾਲਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ।
ਹਮਲੇ ਤੋਂ ਤੁਰੰਤ ਬਾਅਦ ਪੀੜਤ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਨੈਨਾਇਮੋ ਆਰ.ਸੀ.ਐਮ.ਪੀ.ਦੀ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਸੀ,ਜਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਹਾਲਾਂਕਿ, ਪੁਲਿਸ ਨੇ ਮਾਮਲਾ ਹੁਣ ਅਦਾਲਤ ਵਿਚ ਹੋਣ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਮ੍ਰਿਤਕ ਅਤੇ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਹੈ ਅਤੇ ਘਟਨਾ ਦੇ ਸਮੇਂ ਉੱਥੇ ਮੌਜੂਦ ਚਸ਼ਮਦੀਦਾਂ ਨੂੰ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।




