Aug 25, 2026 6:43 PM - Connect Newsroom - Ramandeep Kaur with files from The Canadian Press

ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ, ਸੂਬੇ ਦੇ ਫਰੇਜ਼ਰ ਕੈਨਿਯਨ ਇਲਾਕੇ ਵਿਚ ਲੱਗੀ ਬਰੰਸਵਿਕ ਕ੍ਰੀਕ ਦੀ ਅੱਗ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਬਾਹਰ ਹੋ ਗਈ ਹੈ, ਜਿਸ ਕਾਰਨ ਇਸ ਨੂੰ ਵਾਈਲਡਫਾਇਰ ਨੋਟ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਸੂਬੇ ਵਿਚ ਸਿਰਫ਼ ਤਿੰਨ ਵੱਡੀਆਂ ਅੱਗਾਂ ਹੀ ਬਾਕੀ ਰਹਿ ਗਈਆਂ ਹਨ।
ਏਜੰਸੀ ਨੇ ਹਾਲਾਂਕਿ, ਸਪੱਸ਼ਟ ਕੀਤਾ ਫਰੇਜ਼ਰ ਨਦੀ ਦੇ ਵੈਸਟ ਹਿੱਸੇ ਵਿਚ ਅਜੇ ਵੀ ਫਾਇਰਫਾਈਟਰਜ਼ ਇਸ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਵਿਚ ਜੁਟੇ ਹੋਏ ਹਨ। ਦੂਜੇ ਪਾਸੇ, ਨਦੀ ਦੇ ਪੂਰਬੀ ਹਿੱਸੇ ਵਿਚ ਲੱਗੀ ਐਨਸਲੀ ਕਰੀਕ ਅੱਗ ਅਜੇ ਵੀ ਬੇਕਾਬੂ ਹੈ ਅਤੇ ਇਹ ਸੂਬੇ ਦੀਆਂ ਬਾਕੀ ਬਚੀਆਂ ਤਿੰਨ ਪ੍ਰਮੁੱਖ ਵੱਡੀਆਂ ਅੱਗਾਂ ਵਿਚੋਂ ਇੱਕ ਹੈ।
ਅਧਿਕਾਰੀਆਂ ਮੁਤਾਬਕ, ਇਸੇ ਤਰ੍ਹਾਂ ਓਕਾਨਾਗਨ ਦੀ Bald Range ਅੱਗ ਜਿਸ ਨੇ ਇਸ ਮਹੀਨੇ ਦੇ ਸ਼ੁਰੂ ਵਿਚ 20,000 ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ ਸੀ ਅਤੇ 150 structures ਨੂੰ ਤਬਾਹ ਕਰ ਦਿੱਤਾ ਸੀ, ਉਹ ਅਜੇ ਵੀ ਪ੍ਰਮੁੱਖ ਅੱਗਾਂ ਦੀ ਸੂਚੀ ਵਿਚ ਬਣੀ ਹੋਈ ਹੈ, ਹਾਲਾਂਕਿ ਇਸ ਦੇ ਵਧਣ ਦੀ ਰਫ਼ਤਾਰ ਹੌਲੀ ਹੋ ਗਈ ਹੈ। ਉਥੇ ਹੀ, ਵੀਕੈਂਡ 'ਤੇ 11,000 ਆਸਮਾਨੀ ਬਿਜਲੀ ਪੈਣ ਕਾਰਨ ਸਰਗਰਮ ਅੱਗਾਂ ਦੀ ਗਿਣਤੀ 180 ਤੋਂ ਪਾਰ ਹੋ ਗਈ ਸੀ ਪਰ ਹੁਣ ਇਹ ਘੱਟ ਕੇ ਲਗਭਗ 165 'ਤੇ ਆ ਗਈ ਹੈ।




