Aug 19, 2026 4:44 PM - Connect Newsroom - Ramandeep Kaur with files from The Canadian Press

ਮੈਪਲ ਰਿਜ ਵਿਚ ਮੰਗਲਵਾਰ ਰਾਤ ਹੋਈ ਸ਼ੂਟਿੰਗ ਵਿਚ ਇੱਕ 56 ਸਾਲਾ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਆਰਸੀਐਮਪੀ ਮੁਤਾਬਕ ਵਾਰਦਾਤ ਰਾਤ ਲਗਭਗ 10 ਵਜੇ ਕਾਟਨਵੁੱਡ ਇਲਾਕੇ ਵਿਚ 236 ਸਟ੍ਰੀਟ ਦੇ 11400 ਬਲੌਕ ਵਿਚ ਵਾਪਰੀ।
ਪੁਲਿਸ ਨੂੰ ਇਲਾਕੇ ਵਿਚ ਗੋਲੀਆਂ ਚੱਲਣ ਦੀਆਂ ਰਿਪੋਰਟਸ ਮਿਲੀਆਂ ਅਤੇ ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਘਰ ਦੇ ਬਾਹਰ ਖੜ੍ਹੀ ਜੀਪ ਐਸਯੂਵੀ ਦੇ ਅੰਦਰ ਵਿਅਕਤੀ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿਚ ਪਾਇਆ, ਜਿਸ ਨੂੰ ਪੈਰਾਮੈਡਿਕ ਵਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਏਅਰਲਿਫਟ ਕਰਕੇ ਨਾਜ਼ੁਕ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ।
ਗੱਡੀ ਦੀ ਡਰਾਈਵਰ ਸਾਈਡ ਵਾਲੀ ਖਿੜਕੀ 'ਤੇ ਗੋਲੀਆਂ ਦੇ ਦੋ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ। ਮਾਮਲੇ ਦੀ ਜਾਂਚ ਮੈਪਲ ਰਿਜ ਆਰਸੀਐਮਪੀ ਦੀ ਸੀਰੀਅਸ ਕ੍ਰਾਈਮ ਯੂਨਿਟ ਵਲੋਂ ਸੰਭਾਲੀ ਗਈ ਹੈ ਅਤੇ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਆਰਸੀਐਮਪੀ ਨੇ ਪ੍ਰੈੱਸ ਰਿਲੀਜ਼ ਵਿਚ ਦੱਸਿਆ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿਚ ਹੈ ਅਤੇ ਅਧਿਕਾਰੀ ਸ਼ੱਕੀਆਂ ਅਤੇ ਅਸਲ ਹਾਲਾਤ ਦਾ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।




