Nov 24, 2025 6:15 PM - Connect Newsroom - Ramandeep Kaur with files from The Canadian Press

ਕੈਨੇਡਾ ਸਰਕਾਰ ਦੇ ਬਾਰਡਰ ਸਕਿਓਰਿਟੀ ਬਿੱਲ ਸੀ-12 ਦਾ ਪ੍ਰਵਾਸੀ ਸਮੂਹ ਨੇ ਵਿਰੋਧ ਕੀਤਾ ਹੈ ਅਤੇ ਇਸ ਨੂੰ ਵਾਪਸ ਲੈਣ ਲਈ ਕਿਹਾ ਹੈ। ਮਾਈਗ੍ਰੈਂਟ ਰਾਈਟਸ ਨੈਟਵਰਕ ਅਤੇ ਉਸ ਦੀਆਂ ਭਾਈਵਾਲ ਸੰਸਥਾਵਾਂ ਦਾ ਕਹਿਣਾ ਹੈ ਕਿ ਬਿੱਲ ਸੀ-12 ਉਨ੍ਹਾਂ ਦੇ ਅਧਿਕਾਰਾਂ ਦਾ ਉਲੰਘਣ ਕਰਦਾ ਹੈ।
ਇਸ ਬਿੱਲ ਵਿਚ ਇਮੀਗ੍ਰੇਸ਼ਨ ਅਤੇ ਸ਼ਰਣ ਨਾਲ ਸਬੰਧਤ ਕਈ ਕਦਮ ਉਠਾਏ ਗਏ ਹਨ, ਜਿਸ ਵਿਚ ਇੱਕ ਇਹ ਵੀ ਹੈ ਕਿ ਜੇ ਕੋਈ ਵਿਅਕਤੀ ਇੱਕ ਸਾਲ ਤੋਂ ਜ਼ਿਆਦਾ ਸਮਾਂ ਕੈਨੇਡਾ ਵਿਚ ਹੈ ਤਾਂ ਉਹ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਔਫ ਕੈਨੇਡਾ ਕੋਲ ਰਿਫਿਊਜੀ ਐਪਲੀਕੇਸ਼ਨ ਦਾਇਰ ਨਹੀਂ ਕਰ ਸਕਦਾ।
ਇਸ ਬਿੱਲ ਨੂੰ ਵਾਪਸ ਲੈਣ ਦੀ ਮੰਗ ਉਸ ਵਿਚਕਾਰ ਵੀ ਆਈ ਹੈ ਜਦੋਂ ਕੰਜ਼ਰਵੇਟਿਵ ਦੀ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੇਂਪਲ ਗਾਰਨਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਬਿੱਲ ਵਿਚ ਸੋਧਾਂ ਲਈ ਪ੍ਰਸਤਾਵ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿਚ ਇੱਕ ਦਾ ਉਦੇਸ਼ ਯੂਰਪੀਅਨ ਜਾਂ ਜੀ 7 ਨੇਸ਼ਨ ਰਾਹੀਂ ਕੈਨੇਡਾ ਵਿਚ ਆਉਣ ਵਾਲੇ ਲੋਕਾਂ ਨੂੰ ਰਿਫਿਊਜੀ ਐਪਲੀਕੇਸ਼ਨ ਲਗਾਉਣ ਤੋਂ ਰੋਕਣਾ ਹੈ।
ਮਾਈਗ੍ਰੈਂਟ ਰਾਈਟਸ ਨੈਟਵਰਕ ਦੇ ਬੁਲਾਰੇ ਕੈਰਨ ਕੋਕ ਨੇ ਕਿਹਾ ਕਿ ਅਜਿਹੀਆਂ ਪਾਬੰਦੀਆਂ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਅਤੇ ਗੈਰ-ਸੰਵਿਧਾਨਕ ਹਨ। ਗਰੁੱਪ ਨੇ ਕਿਹਾ ਕਿ ਉਸ ਨੇ ਇਸ ਮਾਮਲੇ ਵਿਚ ਪੱਖ ਰੱਖਣ ਲਈ ਹਾਊਸ ਔਫ ਕੌਮਨਜ਼ ਕਮੇਟੀ ਦੀ ਗਵਾਹਾਂ ਦੀ ਸੂਚੀ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੀ।




