Sep 21, 2023 7:34 PM - Connect News
ਓਨਟੇਰਿਓ ਦੇ ਪ੍ਰੀਮੀਅਰ ਡੱਗ ਫੋਰਡ ਗ੍ਰੀਨਬੈਲਟ ਨੂੰ ਖੋਲ੍ਹਣ ਨੂੰ ਗਲਤੀ ਦੱਸਦੇ ਹੋਏ ਆਪਣੀ ਸਰਕਾਰ ਦੀ ਵਿਵਾਦਤ ਯੋਜਨਾ ਨੂੰ ਉਲਟਾ ਰਹੇ ਹਨ।
ਫੋਰਡ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਓਨਟੇਰਿਓ ਦੇ ਲੋਕਾਂ ਨਾਲ ਗ੍ਰੀਨਬੈਲਟ ਨੂੰ ਨਾ ਛੂਹਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਨੂੰ ਤੋੜ ਦਿੱਤਾ ਗਿਆ ਹੈ।
ਫੋਰਡ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਖੋਲ੍ਹਣਾ ਇੱਕ ਗਲਤੀ ਸੀ ਅਤੇ ਇਸਦੇ ਲਈ ਉਹਨਾਂ ਨੂੰ ਬਹੁਤ ਅਫ਼ਸੋਸ ਹੈ।
ਦੱਸ ਦਈਏ ਕਿ ਕੁਝ ਹਫ਼ਤੇ ਪਹਿਲਾਂ 2018 ਤੋਂ ਓਨਟਾਰੀਓ ਦੇ ਹਾਊਸਿੰਗ ਮੰਤਰੀ ਰਹੇ ਸਟੀਵ ਕਲਾਰਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਇੰਟੈਗ੍ਰਿਟੀ ਕਮਿਸ਼ਨਰ ਦੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਕਿ ਉਸਨੇ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਤੋਂ ਬਾਅਦ ਪੌਲ ਕੈਲੰਡਰਾ ਨੂੰ ਓਨਟੇਰਿਓ ਦਾ ਨਵਾਂ ਹਾਊਸਿੰਗ ਮਿਨਿਸਟਰ ਬਣਾਇਆ ਗਿਆ ਹੈ।
ਗ਼ੌਰਤਲਬ ਹੈ ਕਿ ਓਨਟੇਰਿਓ ਦੇ ਇੰਟੈਗ੍ਰਿਟੀ ਕਮਿਸ਼ਨਰ ਜੇ. ਡੇਵਿਡ ਵੇਕ ਨੇ ਆਪਣੀ ਰਿਪੋਰਟ ਵਿਚ ਕਿਹਾ ਸੀ ਗ੍ਰੀਨਬੈਲਟ ਵਿਚੋਂ ਨਿਰਮਾਣ ਵਾਸਤੇ ਜ਼ਮੀਨ ਹਟਾਉਣ ਦੀ ਪ੍ਰਕਿਰਿਆ ਦੌਰਾਨ ਕਲਾਰਕ ਨੇ ਮੈਂਬਰਜ਼ ਇਨਟੈਗ੍ਰਿਟੀ ਐਕਟ ਦੇ ਦੋ ਸੈਕਸ਼ਨਾਂ ਦੀ ਉਲੰਘਣਾ ਕੀਤੀ ਹੈ।
ਪਿਛਲੇ ਸਾਲ, ਸੂਬੇ ਨੇ 50,000 ਘਰ ਬਣਾਉਣ ਲਈ ਗ੍ਰੀਨਬੈਲਟ ਵਿੱਚੋਂ 7,400 ਏਕੜ ਜ਼ਮੀਨ ਕੱਢੀ ਸੀ ਅਤੇ ਇਸ ਦੀ ਥਾਂ ਲਗਭਗ 9,400 ਏਕੜ ਜ਼ਮੀਨ ਹੋਰ ਕਿਤੇ ਲੈ ਲਈ ਸੀ।
ਇੰਟੈਗ੍ਰਿਟੀ ਕਮਿਸ਼ਨਰ ਨੇ ਪਾਇਆ ਕਿ ਗ੍ਰੀਨਬੈਲਟ ਜ਼ਮੀਨ ਹਟਾਉਣ ਦੀ ਪ੍ਰਕਿਰਿਆ ਵਿਚ ਬੇਲੋੜੀ ਜਲਦਬਾਜ਼ੀ ਅਤੇ ਧੋਖਾਧੜੀ ਵੀ ਕੀਤੀ ਗਈ ਸੀ।




