Nov 13, 2025 5:39 PM - Connect Newsroom - Jasmine Singh

ਕੈਨੇਡਾ ਇੱਕ ਇਤਿਹਾਸਕ ਨਾਗਰਿਕਤਾ ਸੁਧਾਰ ਕਾਨੂੰਨ ਲਾਗੂ ਕਰਨ ਦੀ ਰਾਹ 'ਤੇ ਹੈ ਜੋ ਕੈਨੇਡੀਅਨ ਮਾਪਿਆਂ ਦੇ ਆਧਾਰ 'ਤੇ ਦੇਸ਼ ਤੋਂ ਬਾਹਰ ਪੈਦਾ ਹੋਏ ਹਜ਼ਾਰਾਂ ਲੋਕਾਂ ਦੇ ਨਾਗਰਿਕਤਾ ਅਧਿਕਾਰਾਂ ਨੂੰ ਬਹਾਲ ਕਰਨ ਵਾਲਾ ਹੈ। ਬਿੱਲ ਸੀ-3, ਪੰਜ ਨਵੰਬਰ, 2025 ਨੂੰ ਹਾਊਸ ਔਫ ਕਾਮਨਜ਼ ਵਿਚ ਪਾਸ ਹੋਇਆ ਸੀ, 6 ਨਵੰਬਰ ਨੂੰ ਸੈਨੇਟ ਵਿਚ ਦੂਜੀ ਰੀਡਿੰਗ ਪੂਰੀ ਕਰ ਚੁੱਕਾ ਹੈ ਅਤੇ 17 ਨਵੰਬਰ ਨੂੰ ਇਹ ਸੈਨੇਟ ਕਮੇਟੀ ਕੋਲ ਪਹੁੰਚ ਰਿਹਾ ਹੈ।
ਇੱਕ ਵਾਰ ਇਸ ਦੇ ਲਾਗੂ ਹੋਣ ਤੋਂ ਬਾਅਦ ਇਹ ਕਾਨੂੰਨ ਵਿਦੇਸ਼ਾਂ ਵਿਚ ਪੈਦਾ ਹੋਏ ਕੈਨੇਡੀਅਨਜ਼ ਦੀਆਂ ਪੀੜ੍ਹੀਆਂ ਨੂੰ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਪ੍ਰਦਾਨ ਕਰਨ ਦਾ ਰਸਤਾ ਖੋਲ੍ਹੇਗਾ, ਜਿਨ੍ਹਾਂ ਨੂੰ ਪਹਿਲਾਂ ਪੁਰਾਣੇ ਨਿਯਮਾਂ ਤਹਿਤ ਸਿਟੀਜਨਸ਼ਿਪ ਤੋਂ ਬਾਹਰ ਰੱਖਿਆ ਗਿਆ ਸੀ।
ਇਨ੍ਹਾਂ ਨੂੰ "Lost Canadians" ਵੀ ਕਿਹਾ ਜਾਂਦਾ ਹੈ। ਸੈਨੇਟ ਦੇ ਰੀਵਿਊ ਅਤੇ ਸ਼ਾਹੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਗਵਰਨਰ ਇਨ ਕੌਂਸਲ ਦੇ ਆਰਡਰ ਰਾਹੀਂ ਨਿਰਧਾਰਤ ਤਾਰੀਖ਼ ਨੂੰ ਲਾਗੂ ਹੋਵੇਗਾ, ਜੋ ਕਿ ਦਹਾਕਿਆਂ ਵਿਚ ਸਿਟੀਜਨਸ਼ਿਪ ਐਕਟ ਵਿਚ ਸਭ ਤੋਂ ਮਹੱਤਵਪੂਰਨ ਅਪਡੇਟ ਵਿਚੋਂ ਇੱਕ ਹੋਵੇਗਾ।




