Oct 15, 2024 1:20 PM - Connect Newsroom - Mandeep Kaur

ਪੰਜਾਬ ਵਿੱਚ ਅੱਜ ਪੰਚਾਇਤ ਚੋਣਾਂ ਸਮਾਪਤ ਹੋ ਗਈਆਂ ਹਨ, ਪਰ ਕਈ ਥਾਵਾਂ ’ਤੇ ਝੜਪਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਮਾਹੌਲ ਤਣਾਅਪੂਰਨ ਰਿਹਾ। ਪਟਿਆਲਾ ਜ਼ਿਲ੍ਹੇ ਦੇ ਸਨੌਰ ਨੇੜੇ ਪਿੰਡ ਖੁਦਾ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਕਈ ਹਲਕਿਆਂ ਤੋਂ ਆਮ ਆਦਮੀ ਪਾਰਟੀ (AAP) ਦੇ ਕਾਰਕੁਨਾਂ ਅਤੇ ਸਮਰਥਕਾਂ ਵੱਲੋਂ ਬੂਥਾਂ ’ਤੇ ਕਬਜ਼ੇ ਅਤੇ ਡਰਾਓ-ਧਮਕਾਓ ਦੇ ਦੋਸ਼ ਵੀ ਸਾਹਮਣੇ ਆਏ ਹਨ। ਕੁਝ ਥਾਵਾਂ ’ਤੇ ਪੁਲਿਸ ਨੂੰ ਹਾਲਾਤ ਕਾਬੂ ਕਰਨ ਲਈ ਹਸਤਖੇਪ ਕਰਨਾ ਪਿਆ।
ਇਸ ਵਾਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਸੀ ਕਿ ਪਾਰਟੀ ਸਿੰਬਲ ਤੋਂ ਬਿਨਾਂ ਪੰਚਾਇਤ ਚੋਣਾਂ ਕਰਵਾਈਆਂ ਜਾਣ ਅਤੇ ਪਿੰਡਾਂ ਵਿਚ ਸਹਿਮਤੀ ਨਾਲ ਪੰਚਾਇਤਾਂ ਬਣਾਈਆਂ ਜਾਣ। ਪਰ ਜ਼ਿਆਦਾਤਰ ਲੋਕਾਂ ਨੇ ਇਹ ਅਪੀਲ ਨਾ ਮੰਨਦੇ ਹੋਏ ਚੋਣਾਂ ਲੜਨ ਨੂੰ ਤਰਜੀਹ ਦਿੱਤੀ।
ਵਿਦਵਾਨਾਂ ਦੇ ਅਨੁਸਾਰ, ਇਹ ਚੋਣਾਂ ਇਕ ਵਾਰ ਫਿਰ ਸਾਬਤ ਕਰਦੀਆਂ ਹਨ ਕਿ ਪੰਜਾਬ ਦੇ ਪਿੰਡਾਂ ਵਿਚ ਸਥਾਨਕ ਪੱਧਰ ਦੀ ਰਾਜਨੀਤੀ ਵੱਡੀਆਂ ਪਾਰਟੀਆਂ ਦੀਆਂ ਤਕਰਾਰਾਂ ਦਾ ਦਰਪਣ ਬਣ ਚੁੱਕੀ ਹੈ।




