Sep 25, 2024 1:30 PM - Connect Newsroom

ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਹੈ। 15 ਅਕਤੂਬਰ ਨੂੰ ਵੋਟਾਂ ਪੈਣਗੀਆਂ, ਨਤੀਜੇ ਵੀ ਉਸੇ ਦਿਨ ਆਉਣਗੇ।
ਇਹ ਐਲਾਨ ਸੂਬੇ ਦੇ ਇਲੈਕਸ਼ਨ ਕਮਿਸ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਬੁੱਧਵਾਰ ਨੂੰ ਕੀਤਾ। ਸੂਬੇ ਵਿਚ ਕੁੱਲ 13937 ਪੰਚਾਇਤਾਂ ਹਨ। ਸਭ ਤੋਂ ਵੱਧ 1,405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਨ, ਜਦੋਂ ਕਿ ਇਸ ਤੋਂ ਬਾਅਦ ਪਟਿਆਲਾ ਹੈ ਜਿੱਥੇ 1,022 ਪੰਚਾਇਤਾਂ ਹਨ।
ਪੰਚੀ-ਸਰਪੰਚੀ ਲਈ ਇਹ ਵੋਟਾਂ ਬੈਲਟ ਪੇਪਰ ਰਾਹੀਂ ਪੈਣਗੀਆਂ। ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਿੰਗ ਲਈ 19,110 ਪੋਲਿੰਗ ਬੂਥ ਬਣਾਏ ਜਾਣਗੇ। ਸੂਬੇ ਵਿਚ 1 ਕਰੋੜ 33 ਲੱਖ 97 ਹਜ਼ਾਰ 9 ਸੋ 32 ਵੋਟਰ ਹਨ, ਜੋ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਹਨ।




