Jul 29, 2021 8:36 AM -

ਇੱਕ ਪਾਸੇ ਜਿੱਥੇ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਪੈਗੈਸਸ ਮੁੱਦੇ 'ਤੇ ਰਣਨੀਤੀ ਤਿਆਰ ਕਰਨ 'ਤੇ ਬੈਠਕ ਚੱਲ ਰਹੀ ਸੀ, ਤਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਪ੍ਰਲ੍ਹਾਦ ਜੋਸ਼ੀ ਨੇ ਉਨ੍ਹਾਂ ਨੂੰ ਮਿਲ ਕੇ ਏਵਾਨ ਵਿੱਚ ਬਿੱਲ ਪਾਸ ਕਰਨ ਨੂੰ ਲੈਕੇ ਸਮਰਥਨ ਕਰਨ ਲਈ ਆਖਿਆ।
ਹਾਲਾਂਕਿ, ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਲੀਡਰਾਂ ਨੇ ਪੈਗੈਸਸ, ਮਹਿੰਗਾਈ, ਕਿਸਾਨਾਂ ਦੇ ਮੁੱਦੇ, ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਮੁੱਦੇ 'ਤੇ ਚਰਚਾ ਕਰਨ 'ਤੇ ਜ਼ੋਰ ਦਿੱਤਾ।
ਉਨ੍ਹਾਂ ਅੱਗੇ ਆਖਿਆ ਕਿ ਛੇਤੀ ਹੀ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਸਾਰੀਆਂ ਪਾਰਟੀਆਂ ਦੀ ਬੈਠਕ ਸੱਦੀ ਜਾਵੇਗੀ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੀ ਸ਼ਿਵ ਸੈਨਾ ਦੇ ਐੱਮਪੀ ਸੰਜੇ ਰਾਉਤ ਨੇ ਆਖਿਆ ਸੀ ਕਿ ਸਾਰੇ ਵਿਰੋਧੀ ਧਿਰ ਦਰਮਿਆਨ ਕੌਮੀ ਸੁਰੱਖਿਆ ਅਤੇ ਖੇਤੀ ਕਾਨੂੰਨਾਂ ਦੇ ਮੁੱਦਿਆਂ 'ਤੇ ਏਕਾ ਹੈ ਅਤੇ ਰਹੇਗਾ।
ਗ਼ੌਰਤਲਬ ਹੈ ਕਿ ਮੰਗਲਵਾਰ ਨੂੰ ਹੀ "ਇੱਕੋ ਜਿਹੀ ਸੋਚ ਰੱਖਣ ਵਾਲੇ" ਵਿਰੋਧੀ ਧਿਰਾਂ ਦੀ ਇੱਕ ਬੈਠਕ ਸੱਦੀ ਗਈ ਸੀ, ਜਿਸ ਵਿੱਚ ਇਹ ਫ਼ੈਸਲਾ ਲਿਆ ਜਾਣਾ ਸੀ ਕਿ ਜੇਕਰ ਸਰਕਾਰ ਪੈਗੈਸਸ ਮੁੱਦੇ ਨੂੰ ਪਾਰਲੀਮੈਂਟ ਵਿਚ ਅਣਗੌਲਿਆਂ ਕਰੇਗੀ, ਤਾਂ ਅੱਗੇ ਦੀ ਕਾਰਵਾਈ ਕਿ ਹੋਵੇਗੀ।
ਪਾਰਲੀਮੈਂਟ ਵਿੱਚ ਚੱਲ ਰਹੇ ਮਾਨਸੂਨ ਇਜਲਾਸ ਦੌਰਾਨ,"ਪੈਗੈਸਸ ਪ੍ਰੌਜੈਕਟ" ਦੇ ਮੁੱਦੇ 'ਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਹੰਗਾਮੇ ਕਰਕੇ, ਲੋਕ ਸਭਾ ਅਤੇ ਰਾਜ ਸਭਾ, ਦੋਵਾਂ ਦੀ ਕਾਰਵਾਈ ਮੁੜ-ਮੁੜ ਮੁਲਤਵੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 19 ਜੁਲਾਈ ਤੋਂ ਸ਼ੁਰੂ ਹੋਏ ਇਸ ਮਾਨਸੂਨ ਇਜਲਾਸ ਦੌਰਾਨ, ਸ਼ੁਰੂ ਤੋਂ ਹੀ ਦੋਵਾਂ ਐਵਾਨਾਂ ਵਿੱਚ ਵਿਰੋਧੀ ਧਿਰ ਵੱਲੋਂ ਰੋਹ ਵਿਖਾਵਾ ਕੀਤਾ ਜਾ ਰਿਹਾ ਹੈ।




