Sep 21, 2026 3:11 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਵਿਚ ਹਿੱਸਾ ਲੈਣ ਲਈ ਅੱਜ ਸ਼ਾਮ ਨਿਊਯਾਰਕ ਰਵਾਨਾ ਹੋਣਗੇ। ਹਾਲਾਂਕਿ,ਰਿਪੋਰਟਸ ਮੁਤਾਬਕ ਉਹ ਜਨਰਲ ਅਸੈਂਬਲੀ ਦੇ ਮੁੱਖ ਮੰਚ ਤੋਂ ਸਿੱਧਾ ਭਾਸ਼ਣ ਨਹੀਂ ਦੇਣਗੇ। ਅਧਿਕਾਰੀਆਂ ਅਨੁਸਾਰ, ਕੈਨੇਡਾ ਵੱਲੋਂ ਮੁੱਖ ਭਾਸ਼ਣ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਦਿੱਤਾ ਜਾਵੇਗਾ।
ਉਥੇ ਹੀ, ਪ੍ਰਧਾਨ ਮੰਤਰੀ ਕਾਰਨੀ 23 ਸਤੰਬਰ ਤੱਕ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਸਮਾਗਮਾਂ ਵਿਚ ਸ਼ਾਮਲ ਹੋਣਗੇ। ਇਸ ਦੌਰੇ ਦੌਰਾਨ ਉਹ ਕਈ ਉੱਚ-ਪੱਧਰੀ ਬੈਠਕਾਂ ਅਤੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀ ਗੱਲਬਾਤ ਵਿਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਫਰਾਂਸ ਅਤੇ ਯੂ.ਕੇ ਨਾਲ ਮਿਲ ਕੇ ਇਜ਼ਰਾਈਲ-ਫਲਸਤੀਨ ਵਿਵਾਦ ਦੇ ਹੱਲ ਵਜੋਂ Two-State Solutio ਦੇ ਸਮਰਥਨ ਵਿਚ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਸਹਿ-ਮੇਜ਼ਬਾਨੀ ਕੀਤੀ ਜਾਵੇਗੀ।
ਖ਼ਾਸ ਗੱਲ ਇਹ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਾਰਨੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਇੱਕੋ ਸਮਾਗਮ ਵਿਚ ਮੌਜੂਦ ਹੋ ਸਕਦੇ ਹਨ। ਹਾਲਾਂਕਿ, ਕੈਨੇਡੀਅਨ ਸਰਕਾਰੀ ਅਧਿਕਾਰੀਆਂ ਮੁਤਾਬਕ, ਅਜੇ ਤੱਕ ਦੋਵਾਂ ਆਗੂਆਂ ਵਿਚਾਲੇ ਕਿਸੇ ਵੀ ਰਸਮੀ ਮੁਲਾਕਾਤ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।




