Dec 21, 2023 6:26 PM - The Canadian Press

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਪ੍ਰਸਾਰਿਤ ਕੀਤੇ ਗਏ ਇੱਕ ਇੰਟਰਵਿਊ ਵਿੱਚ ਕਿਹਾ ਕਿ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਉਸ ਦੇ ਨਜ਼ਦੀਕੀ ਦੋਸਤਾਂ ਨੂੰ ਚਿੰਤਾ ਵਿਚ ਪਾ ਰਹੀ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਹਮਾਸ ਖਿਲਾਫ਼ ਯੁੱਧ ਵਿੱਚ ਇਜ਼ਰਾਇਲ ਦੀ ਰਣਨੀਤੀ ਉਸ ਦੀ ਲੰਬੀ ਮਿਆਦ ਦੀ ਸੁਰੱਖਿਆ ਅਤੇ ਕੂਟਨੀਤਕ ਸਮਰਥਨ 'ਤੇ ਅਸਰ ਪਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ, ਆਸਟ੍ਰੇਲੀਆ ਵਰਗੇ ਇਜ਼ਰਾਇਲ ਦੇ ਸਾਥੀ ਮੁਲਕ ਖਾਸ ਤੌਰ 'ਤੇ ਅਮਰੀਕਾ ਲਗਾਤਾਰ ਇਹ ਚਿੰਤਾ ਪ੍ਰਗਟ ਕਰ ਰਹੇ ਹਨ। ਪਿਛਲੇ ਹਫ਼ਤੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਸੀ ਕਿ ਇਜ਼ਰਾਇਲ ਗਾਜ਼ਾ ਵਿੱਚ ਲਗਾਤਾਰ ਬੰਬਾਰੀ ਕਾਰਨ ਆਪਣੀ ਇੰਟਰਨੈਸ਼ਨਲ ਸਪੋਰਟ ਗੁਆ ਰਿਹਾ ਹੈ।
ਪੀ. ਐੱਮ. ਟਰੂਡੋ ਨੇ ਲਗਾਤਾਰ ਕਿਹਾ ਹੈ ਕਿ ਇਜ਼ਰਾਈਲ ਨੂੰ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਪਰ ਗਾਜ਼ਾ ਵਿੱਚ ਆਮ ਲੋਕਾਂ ਦੀਆਂ ਮੌਤਾਂ ਦਾ ਅੰਕੜਾ ਵਧਣ ਦੇ ਨਾਲ ਹੀ ਕੈਨੇਡਾ ਨੇ ਆਪਣਾ ਰੁਖ਼ ਸਖ਼ਤ ਕੀਤਾ ਹੈ। ਹਮਾਸ ਵੱਲੋਂ ਚਲਾਈ ਜਾਂਦੀ ਹੈਲਥ ਮਿਨਿਸਟਰੀ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ 7 ਅਕਤੂਬਰ ਤੋਂ ਬਾਅਦ ਇਜ਼ਰਾਇਲਾ ਕਾਰਵਾਈ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 20 ਹਜ਼ਾਰ ਤੋਂ ਉੱਪਰ ਪਹੁੰਚ ਗਈ ਹੈ।
ਦੱਸ ਦੇਈਏ ਕਿ ਟਰੂਡੋ ਇਹ ਵੀ ਕਹਿ ਚੁੱਕੇ ਹਨ ਮਿਡਲ ਈਸਟ ਵਿੱਚ ਸ਼ਾਂਤੀ ਕਾਇਮ ਕਰਨ ਲਈ ਕੈਨੇਡਾ ਇਜ਼ਰਾਇਲ ਅਤੇ ਫਲਸਤੀਨੀ ਦੋ ਸਟੇਟ ਹੱਲ ਦਾ ਸਮਰਥਨ ਕਰਦਾ ਹੈ।




