Sep 18, 2026 1:35 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਅਰ ਪੌਲੀਐਵ ਬ੍ਰਿਟਿਸ਼ ਕੋਲੰਬੀਆ ਵਿਖੇ ਹੋਈ ਦੋ-ਰੋਜ਼ਾ ਕਾਕਸ ਮੀਟਿੰਗ ਦੀ ਸਮਾਪਤੀ ਮੌਕੇ ਬੀਤੇ ਕੱਲ੍ਹ ਮੀਡੀਆ ਦੇ ਕੈਮਰਿਆਂ ਅਤੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਪਾਰਲੀਮੈਂਟ ਦੇ ਫਾਲ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਦੀਆਂ ਤਰਜੀਹਾਂ ਤੈਅ ਕਰਨ ਲਈ ਫੈਡਰਲ ਕੰਜ਼ਰਵੇਟਿਵ ਐਮ.ਪੀ.ਪੈਂਟਿਕਟਨ ਵਿਖੇ ਇਕੱਠੇ ਹੋਏ ਸਨ।
ਪੌਲੀਐਵ ਨੇ ਕਾਕਸ ਨੂੰ 20-ਮਿੰਟ ਦਾ ਭਾਸ਼ਣ ਦਿੱਤਾ, ਜਿਸ ਦੀ ਮੀਡੀਆ ਨੂੰ ਕਵਰੇਜ ਕਰਨ ਦੀ ਇਜਾਜ਼ਤ ਸੀ ਪਰ ਇਸ ਤੋਂ ਇਲਾਵਾ ਉਨ੍ਹਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਕੋਈ ਫ਼ੋਟੋ ਨਹੀਂ ਖਿਚਵਾਈ ਅਤੇ ਨਾ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉਹ ਮੀਡੀਆ ਦੀਆਂ ਨਜ਼ਰਾਂ ਤੋਂ ਬਚ ਕੇ ਉੱਥੋਂ ਰਵਾਨਾ ਹੋ ਗਏ। ਉਨ੍ਹਾਂ ਦਾ ਇਹ ਰਵੱਈਆ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਪਾਰਟੀ ਦੇ ਅੰਦਰੂਨੀ ਹਲਕਿਆਂ ਵਿਚ ਉਨ੍ਹਾਂ ਦੀ ਲੀਡਰਸ਼ਿਪ ਨੂੰ ਲੈ ਕੇ ਚਿੰਤਾਵਾਂ ਅਤੇ ਮਤਭੇਦਾਂ ਦੀਆਂ ਖ਼ਬਰਾਂ ਲਗਾਤਾਰ ਸੁਰਖੀਆਂ ਬਣ ਰਹੀਆਂ ਹਨ।
ਹਾਲਾਂਕਿ, ਮੀਟਿੰਗ ਵਿਚ ਸ਼ਾਮਲ ਹੋਏ ਕੰਜ਼ਰਵੇਟਿਵ ਐਮ.ਪੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ। ਇੱਕ ਰਿਪੋਰਟ ਦੇ ਮੁਤਾਬਕ, ਕਈ ਸੰਸਦ ਮੈਂਬਰ ਪੌਲੀਐਵ ਦੀ ਲੀਡਰਸ਼ਿਪ ਤੋਂ ਨਾਖੁਸ਼ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਹਟਾਉਣ ਅਤੇ ਕਿਸੇ ਨਵੇਂ ਲੀਡਰ ਨੂੰ ਚੁਣਨ ਦਾ ਫਿਲਹਾਲ ਕੋਈ ਵੱਡਾ ਇਰਾਦਾ ਨਹੀਂ ਹੈ।




