Sep 16, 2026 2:00 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਦੇ ਲੀਡਰ ਪੀਅਰ ਪੌਲੀਐਵ ਦੀ ਅਗਵਾਈ ਵਿਚ ਅੱਜ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੈਂਟਿਕਟਨ ਵਿਚ ਪਾਰਟੀ ਦੇ ਸੰਸਦੀ ਕਾਕਸ ਦੀ ਦੋ-ਰੋਜ਼ਾ ਮੀਟਿੰਗ ਸ਼ੁਰੂ ਹੋਈ ਹੈ। 21 ਸਤੰਬਰ ਤੋਂ ਚੱਲਣ ਵਾਲੇ ਪਾਰਲੀਮੈਂਟ ਸੈਸ਼ਨ ਤੋਂ ਪਹਿਲਾਂ ਬੁਲਾਈ ਗਈ ਇਸ ਮੀਟਿੰਗ ਵਿਚ ਪੌਲੀਐਵ ਵਲੋਂ ਆਪਣੇ ਸਾਂਸਦਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਉਮੀਦ ਹੈ ਕਿਉਂਕਿ ਕੰਜ਼ਰਵੇਟਿਵ ਮੌਜੂਦਾ ਸਮੇ ਲਿਬਰਲਸ ਤੋਂ ਦੋਹਰੇ ਅੰਕਾਂ ਨਾਲ ਪਿੱਛੇ ਚੱਲ ਰਹੇ ਹਨ।
ਰਿਪੋਰਟ ਮੁਤਾਬਕ, ਪਾਰਟੀ ਦੇ ਬਹੁਤ ਸਾਰੇ ਸੰਸਦ ਮੈਂਬਰ ਜੋ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪੋ-ਆਪਣੇ ਹਲਕਿਆਂ ਵਿਚ ਕੰਮ ਕਰਕੇ ਵਾਪਸ ਆਏ ਹਨ, ਉਹ ਆਗਾਮੀ ਚੋਣਾਂ ਵਿਚ ਆਪਣੀਆਂ ਸੀਟਾਂ ਗੁਆਉਣ ਦੇ ਖ਼ਦਸ਼ੇ ਤੋਂ ਬੇਹੱਦ ਚਿੰਤਤ ਹਨ।
ਪੋਲਿੰਗ ਸਰਵਿਆਂ ਵਿਚ ਲਗਾਤਾਰ ਪਛੜਣ ਕਾਰਨ ਕਈ ਸੰਸਦ ਮੈਂਬਰ ਇਸ ਗੱਲ 'ਤੇ ਯਕੀਨ ਕਰਨ ਤੋਂ ਵੀ ਝਿਜਕ ਰਹੇ ਹਨ ਕਿ ਪਾਰਟੀ ਮੁੜ ਆਸਾਨੀ ਨਾਲ ਉਭਰ ਸਕਦੀ ਹੈ। ਅਬਾਕਸ ਡੇਟਾ ਦੇ ਚੋਣ ਸਰਵੇ ਮੁਤਾਬਕ, ਅਧਿਕਾਰਤ ਵਿਰੋਧੀ ਧਿਰ ਇਸ ਸਮੇਂ ਲਿਬਰਲਸ ਤੋਂ 14 ਅੰਕ ਪਿੱਛੇ ਹੈ, ਜੋ ਹਾਲ ਹੀ ਦੇ ਸਾਲਾਂ ਵਿਚ ਇਸ ਦੇ ਸਭ ਤੋਂ ਖਰਾਬ ਪੋਲਿੰਗ ਨੰਬਰ ਹਨ।




