Feb 12, 2021 4:34 PM -

ਵੀਰਵਾਰ ਰਾਤ ਬਰਨਬੀ ਵਿੱਚ ਗੋਲ਼ੀ ਚੱਲਣ ਦੀ ਇੱਕ ਵਾਰਦਾਤ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਬਰਨਬੀ ਆਰ.ਸੀ.ਐਮ.ਪੀ. ਅਨੁਸਾਰ ਇਹ ਘਟਨਾ ਰਾਤ ਤਕਰੀਬਨ 10 ਵਜੇ ਗਿੱਲੀ ਐਵੇਨਿਊ ਦੇ ਨੇੜੇ ਮੈਕੀ ਸਟਰੀਟ ਦੇ ਰਿਹਾਇਸ਼ੀ ਇਲਾਕੇ ਵਿੱਚ ਵਾਪਰੀ।
ਪੁਲਿਸ ਮੁਤਾਬਕ ਜਦੋਂ ਅਫਸਰ ਉਥੇ ਪਹੁੰਚੇ ਤਾਂ ਇਕ ਆਦਮੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਾਇਆ ਜਿਸ ਨੂੰ ਰੌਇਲ ਕੋਲੰਬੀਅਨ ਹਸਪਤਾਲ ਲਿਜਾਂਦਾ ਗਿਆ।
ਅਧਿਕਾਰੀਆਂ ਅਨੁਸਾਰ ਕੁਝ ਸਮੇਂ ਬਾਅਦ ਉਹ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ।
ਮ੍ਰਿਤਕ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਬਰਨਬੀ ਦੇ ਉਸੇ ਪਾਰਕ ਦੇ ਨਜ਼ਦੀਕ ਵਾਪਰੀ ਜਿੱਥੇ 3 ਫਰਵਰੀ ਨੂੰ 32 ਸਾਲ ਦੇ ਕ੍ਰਿਸ ਕੈਨਵਰਦੀ ਨੂੰ ਗੋਲ਼ੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਕੈਨਵਰਦੀ ਦਾ ਕਤਲ ਮੈਟਰੋ ਵੈਨਕੂਵਰ ਵਿੱਚ 12 ਘੰਟੇ ਦੌਰਾਨ ਵਾਪਰਿਆ ਦੂਸਰਾ ਕਤਲ ਸੀ ਅਤੇ ਜਾਂਚ ਕਰਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਦੋਵੇਂ ਵਾਰਦਾਤਾਂ ਵਿਚ ਮ੍ਰਿਤਕਾਂ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ।
ਹਾਲਾਂਕਿ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਕਿ ਦੋਵਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਸੀ।
ਪਿਛਲੇ ਸਾਲ ਮੈਟਰੋ ਵੈਨਕੂਵਰ ਇਲਾਕੇ ਵਿੱਚ ਵਾਪਰੀਆਂ ਅੱਧਾ ਦਰਜਨ ਗੈਂਗ ਸਬੰਧੀ ਵਾਰਦਾਤਾਂ ਦੇ ਸਿਲਸਿਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।
ਇਨ੍ਹਾਂ ਵਿੱਚੋਂ ਇੱਕ ਵਾਰਦਾਤ ਵਿੱਚ ਸਰ੍ਹੀ ਵਿੱਚ 14 ਸਾਲ ਦੇ ਬਰਨਬੀ ਨਿਵਾਸੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਵੀਰਵਾਰ ਨੂੰ ਵਾਪਰੀ ਘਟਨਾ ਦੀ ਇੰਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।




