May 4, 2024 1:14 AM - Connect Newsroom
ਬੀ.ਸੀ. ਆਰਸੀਐਮਪੀ ਅਤੇ ਇੰਟੇਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
IHIT ਦੇ ਸੁਪਰਡੈਂਟ ਮਨਦੀਪ ਮੂਕਰ ਨੇ ਕਿਹਾ ਕਿ 22 ਸਾਲਾ ਕਰਨ ਬਰਾੜ, 22 ਸਾਲਾ ਕਮਲਪ੍ਰੀਤ ਸਿੰਘ ਅਤੇ 28 ਸਾਲਾ ਕਰਨਪ੍ਰੀਤ ਸਿੰਘ ਹਿਰਾਸਤ ਵਿਚ ਲਏ ਗਏ ਹਨ। ਇਹ ਤਿੰਨੋਂ ਐਡਮਿਨਟਿਨ ਵਿਚ ਰਹਿ ਰਹੇ ਸਨ।
ਉਨ੍ਹਾਂ ਨੂੰ ਨਿੱਝਰ ਮਾਮਲੇ ਵਿੱਚ ਫਰਸਟ ਡਿਗਰੀ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨਵੈਸਟੀਗੇਸ਼ਨ ਅਜੇ ਖ਼ਤਮ ਨਹੀਂ ਹੋਈ।
ਇਸ ਵਿਚ ਹੋਰਾਂ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ।
ਆਰਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੋ ਨੇ ਕਿਹਾ ਕਿ ਪੁਲਿਸ ਵਲੋਂ ਇਕੱਠੇ ਕੀਤੇ ਗਏ ਸਬੂਤਾਂ ਅਤੇ ਨਿੱਝਰ ਦੇ ਕਤਲ ਪਿੱਛੇ ਦੇ ਮਕਸਦ ਬਾਰੇ ਅਜੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਇੱਕ ਵੱਖਰੀ ਜਾਂਚ ਵੀ ਚੱਲ ਰਹੀ ਹੈ, ਜੋ ਸਿਰਫ ਅੱਜ ਗ੍ਰਿਫਤਾਰ ਕੀਤੇ ਗਏ ਲੋਕਾਂ ਤੱਕ ਸੀਮਿਤ ਨਹੀਂ ਹੈ ਅਤੇ ਇਨ੍ਹਾਂ ਯਤਨਾਂ ਵਿਚ ਭਾਰਤ ਸਰਕਾਰ ਨਾਲ ਸਬੰਧਾਂ ਦੀ ਜਾਂਚ ਵੀ ਸ਼ਾਮਲ ਹੈ।
ਗੌਰਤਲਬ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਤਲ 18 ਜੂਨ, 2023 ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦਆਰਾ ਦੀ ਪਾਰਕਿੰਗ ਲੌਟ ਵਿਚ ਕੀਤਾ ਗਿਆ ਸੀ।




