Jun 10, 2022 11:15 PM - The Canadian Press

ਵੈਨਕੂਵਰ ਦੇ ਪਾਣੀਆਂ 'ਚ ਇੱਕ ਵਿਅਕਤੀ ਦੀ ਭਾਲ 'ਚ ਵੀਰਵਾਰ ਨੂੰ ਵਿਖਾਈ ਗਈ ਰਫਤਾਰ ਨੂੰ ਹੁਣ ਧੀਮਾ ਕਰ ਦਿੱਤਾ ਗਿਆ ਹੈ।
ਹੁਣ ਇਸ ਭਾਲ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਨੂੰ ਇੱਕ ਲਾਪਤਾ ਵਿਅਕਤੀ ਦੀ ਭਾਲ ਦਾ ਮਾਮਲਾ ਸਮਝਿਆ ਜਾ ਰਿਹਾ ਹੈ।
ਵੈਨਕੂਵਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸਰੀ ਦਾ ਇੱਕ 46 ਸਾਲਾ ਆਦਮੀ ਬੁੱਧਵਾਰ ਨੂੰ ਗ੍ਰੈਨਵਿਲ ਆਈਲੈਂਡ ਤੋਂ ਇੱਕ ਮੋਟਰਬੋਟ ਕਿਰਾਏ 'ਤੇ ਲੈਕੇ ਨਿਕਲਿਆ ਸੀ।
ਉਸ ਵੇਲੇ ਤੋਂ ਵਿਅਕਤੀ ਦਾ ਕੁਝ ਪਤਾ ਨਹੀਂ ਲੱਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਇੰਗਲਿਸ਼ ਬੇਅ ਪਾਰ ਕਰਨ ਵਾਲਾ ਸੀ ਅਤੇ ਬੌਵਨ ਆਈਲੈਂਡ ਪਹੁੰਚਣ ਦੇ ਇਰਾਦੇ ਨਾਲ ਨਿਕਲਿਆ ਸੀ।
ਇਸ ਵਿਅਕਤੀ ਦੀ ਭਾਲ ਉਸ ਵੇਲੇ ਅਰੰਭੀ ਗਈ ਸੀ ਜਦ ਉਸ ਦੀ ਕਿਰਾਏ ਵਾਲੀ 5 ਮੀਟਰ ਦੀ ਕਿਸ਼ਤੀ ਬੇਅ ਦੇ ਪਾਣੀਆਂ 'ਚ ਖਾਲੀ ਮਿਲੀ ਸੀ।
ਬੁੱਧਵਾਰ ਅਤੇ ਵੀਰਵਾਰ ਨੂੰ ਇਸ ਵਿਅਕਤੀ ਦੀ ਭਾਲ ਲਈ ਹਵਾਈ ਸੇਵਾ ਆਸਰੇ ਅਤੇ ਪਾਣੀ 'ਚ ਭਾਲ ਕੀਤੀ ਗਈ ਸੀ।
ਹਾਲਾਂਕਿ ਭਾਲ ਦੇ ਕੋਈ ਸਕਾਰਾਤਮਕ ਨਤੀਜੇ ਨਹੀਂ ਮਿਲੇ।
ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਵਿਅਕਤੀ ਬੋਟ ਵਿੱਚੋਂ ਪਾਣੀ 'ਚ ਕਿਵੇਂ ਜਾ ਡਿੱਗਿਆ।
ਮੰਨਿਆ ਜਾ ਰਿਹਾ ਹੈ ਕਿ ਇੰਨੇ ਸਮੇਂ ਬਾਅਦ ਵਿਅਕਤੀ ਦਾ ਜਿਉਂਦਾ ਮਿਲਣਾ ਕੋਈ ਚਮਤਕਾਰ ਹੀ ਹੋਵੇਗਾ।




