Feb 4, 2025 7:29 PM - Connect Newsroom

ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਦੇ ਸਟੋਰਾਂ ਤੋਂ ਅਮਰੀਕੀ ਸ਼ਰਾਬ ਹਟਾਉਣ ਦਾ ਨਿਰਦੇਸ਼ ਵਾਪਸ ਲੈ ਲਿਆ ਹੈ ਪਰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਇਕੱਲੇ ਅਮਰੀਕਾ ’ਤੇ ਨਿਰਭਰ ਨਹੀਂ ਰਹੇਗਾ ਅਤੇ ਨਿਰਯਾਤ ਲਈ ਹੋਰ ਬਾਜ਼ਾਰ ਤਲਾਸ਼ਣਾ ਜਾਰੀ ਰੱਖੇਗਾ।
ਈਬੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੰਤਰਰਾਜੀ ਵਪਾਰ ਰੁਕਾਵਟਾਂ ਨੂੰ ਖ਼ਤਮ ਕਰਨ ਦੇ ਯਤਨ ਵਿਚ ਹੋਰ ਸੂਬਿਆਂ ਨਾਲ ਸਹਿਯੋਗ ਕਰੇਗੀ। ਪ੍ਰੀਮੀਅਰ ਨੇ ਟਰੰਪ ਦੀ ਮੰਸ਼ਾ ’ਤੇ ਵੀ ਸਵਾਲ ਉਠਾਏ, ਉਨ੍ਹਾਂ ਕਿਹਾ ਕਿ ਅਸੀਂ ਹੁਣ ਰਾਸ਼ਟਰਪਤੀ ਦੇ ਇਰਾਦੇ ਨੂੰ ਬਹੁਤ ਸਪੱਸ਼ਟ ਤੌਰ ’ਤੇ ਸਮਝ ਗਏ ਹਾਂ, ਉਨ੍ਹਾਂ ਦਾ ਇਰਾਦਾ ਕੈਨੇਡਾ ਨੂੰ 51ਵਾਂ ਸੂਬਾ ਬਣਾਉਣਾ ਹੈ ਅਤੇ ਇਸ ਦੇ ਵਿਰੁੱਧ ਸਾਡਾ ਸਭ ਤੋਂ ਵਧੀਆ ਬਚਾਅ ਇਹੀ ਹੈ ਕਿ ਅਸੀਂ ਇੱਕ ਮਜ਼ਬੂਤ ਅਰਥਵਿਵਸਥਾ ਬਣੀਏ ਅਤੇ ਅਮਰੀਕਾ ’ਤੇ ਸਾਰਖਾ ਨਿਰਭਰ ਨਾ ਰਹੀਏ।
ਈਬੀ ਨੇ ਕਿਹਾ ਕਿ ਉਹ ਟਰੰਪ ਦੀ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਦੀ ਗੱਲ ’ਤੇ ਯਕੀਨ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ 29 ਦਿਨਾਂ ਬਾਅਦ ਸਥਿਤੀ ਫਿਰ ਵਾਪਸ ਉੱਥੇ ਆ ਜਾਵੇਗੀ, ਜਿੱਥੇ ਹੁਣ ਹੈ। ਈਬੀ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਟੈਰਿਫ ਕਦੇ ਲਾਗੂ ਨਾ ਹੋਣ ਤਾਂ ਅਮਰੀਕਾ ਅਤੇ ਕੈਨੇਡੀਅਨ ਦੀ ਹਾਲਤ ਬਿਹਤਰ ਹੋਵੇਗੀ।




