Apr 20, 2021 2:14 AM -

ਬੀ.ਸੀ. 'ਚ ਸੂਬੇ ਸਰਕਾਰ ਵੱਲੋਂ ਅਜਿਹੇ ਰੈਗੂਲੇਸ਼ਨ ਲਿਆਂਦੇ ਜਾਣ ਦੀ ਤਿਆਰੀ ਹੋ ਰਹੀ ਹੈ, ਜਿਸ ਨਾਲ ਕਿ ਹੈਲਥ ਅਥਾਰਿਟੀਸ ਤੋਂ ਬਾਹਰ ਦੀ ਕਿਸੇ ਵੀ ਗੈਰ-ਜਰੂਰੀ ਯਾਤਰਾ 'ਤੇ ਪਬੰਦੀ ਲੱਗ ਜਾਵੇਗੀ।
ਪ੍ਰੀਮਿਅਰ ਜੌਨ ਹੌਰਗਨ ਨੇ ਇਸ ਦੇ ਬਾਰੇ ਦੱਸਿਆ ਕਿ ਪਬਲਿਕ ਸੇਫਟੀ ਮੰਤਰੀ ਵੱਲੋਂ ਅਜਿਹੇ ਰੈਗੂਲੇਸ਼ਨ ਤਿਆਰ ਕੀਤੇ ਜਾ ਰਹੇ ਹਨ।
ਪ੍ਰੀਮਿਅਰ ਨੇ ਕਿਹਾ ਕਿ ਸੂਬੇ 'ਚ ਕਿਸੇ ਵੀ ਗੈਰ-ਜਰੂਰੀ ਯਾਤਰਾ ਨੂੰ ਲੋਕਲ ਪੱਧਰ ਤਕ ਸੀਮਤ ਕਰਨਾ ਜਰੂਰੀ ਹੈ।
ਇਹ ਨਿਰਦੇਸ਼ ਸ਼ੁੱਕਰਵਾਰ ਤੋਂ ਲਾਗੂ ਹੋ ਸਕਦੇ ਹਨ।
ਬੀ.ਸੀ. ਫੈਰੀਸ ਵੱਲੋਂ ਸਿਰਫ ਜ਼ਰੂਰੀ ਯਾਤਰਾ ਲਈ ਹੀ ਬੁਕਿੰਗਸ ਕੀਤੀਆਂ ਜਾਣਗੀਆਂ।
ਐਲਬਰਟਾ ਦੇ ਨਾਲ ਬਾਰਡਰ 'ਤੇ ਸਿਰਫ ਜਰੂਰੀ ਯਾਤਰਾ ਦੀ ਤਾਕੀਦ ਕਰਨ ਵਾਲੇ ਨਵੇਂ ਚਿੰਨ ਸਥਾਪਿਤ ਕੀਤੇ ਜਾਣਗੇ ਅਤੇ ਬੀ.ਸੀ. ਤੋਂ ਬਾਹਰ ਤੋਂ ਆਉਣ ਵਾਲੇ ਬੀ.ਸੀ. 'ਚ ਕਿਸੇ ਸਟੇਅ ਸੰਬੰਧੀ ਬੁਕਿੰਗ ਨਹੀਂ ਕਰਵਾ ਸਕਣਗੇ।
ਇਸ ਦੇ ਨਾਲ ਹੀ ਸਰਕਟ ਬ੍ਰੇਕਰ ਪਬੰਦੀਆਂ ਨੂੰ 5 ਹੋਰ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ।
ਹੁਣ ਇਹ ਪਬੰਦੀਆਂ ਮਈ ਦੇ ਲੌਂਗ ਵੀਕਐਂਡ ਤਕ ਜਾਰੀ ਰਹਿਣਗੀਆਂ।
ਸਰਕਟ ਬ੍ਰੇਕਰ ਨਾਲ ਐਲਾਨੀ ਵਿੱਤੀ ਸਹਾਇਤਾ ਨੂੰ ਵੀ 5 ਹਫ਼ਤੇ ਲਈ ਵਧਾਇਆ ਜਾ ਰਿਹਾ ਹੈ।
ਬੀ.ਸੀ. 'ਚ 2 ਸਾਲਾ ਵਾਇਰਸ ਪੀੜਤ ਦੀ ਮੌਤ
ਬੀ.ਸੀ. 'ਚ ਕੋਵਿਡ-19 ਕਾਰਨ ਇਸ ਵੀਕਐਂਡ ਦੌਰਾਨ, ਫਰੇਜ਼ਰ ਹੈਲਥ ਰਿਜਨ 'ਚ ਇੱਕ 2 ਸਾਲਾ ਬੱਚੇ ਦੀ ਮੌਤ ਹੋ ਗਈ ਹੈ।
ਬੀ.ਸੀ. 'ਚ ਕੋਵਿਡ-19 ਦੇ 2,960 ਮਾਮਲੇ ਰਿਪੋਰਟ ਹੋਏ ਹਨ।
ਦੁੱਖ ਦੀ ਗੱਲ ਸੀ ਕਿ 8 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,20,040 ਤਕ ਪਹੁੰਚ ਗਈ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,538 ਹੋ ਚੁੱਕੀ ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 9,353 ਤਕ ਪਹੁੰਚ ਗਏ ਹਨ।
ਕੁੱਲ 441 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 138 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਇਹ ਬੀਤੇ 72 ਘੰਟੇ ਦਾ ਅੰਕੜਾ ਹੈ।
ਇਸ ਦੌਰਾਨ ਸ਼ੁੱਕਰਵਾਰ ਨੂੰ 1,027, ਸ਼ਨੀਵਾਰ ਨੂੰ 933 ਅਤੇ ਐਤਵਾਰ ਨੂੰ 1,000 ਮਾਮਲੇ ਰਿਪੋਰਟ ਹੋਏ ਹਨ।
ਡਾ. ਬੌਨੀ ਹੈਨਰੀ ਨੇ ਸੂਬੇ 'ਚ ਜਾਨ ਗਵਾਉਣ ਵਾਲੇ 2 ਸਾਲਾ ਵਾਇਰਸ ਪੀੜਤ ਬੱਚੇ ਲਈ ਦੁੱਖ ਦਾ ਪ੍ਰਗਟਾਵਾ ਕੀਤਾ।




