Oct 2, 2024 8:10 PM - Connect Newsroom - Mandeep Kaur

ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ 32 ਸਾਲਾ ਪੰਜਾਬੀ ਨੌਜਵਾਨ ਦੀ ਕੈਲੀਫੋਰਨੀਆ ਵਿਚ ਸ਼ੱਕੀ ਹਾਲਾਤਾਂ ਹੇਠ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਵਜੋਂ ਹੋਈ ਹੈ, ਜਿਸਦੀ ਸ਼ਾਦੀ 18 ਅਕਤੂਬਰ ਨੂੰ ਹੋਣੀ ਸੀ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਤੋਂ ਇਹ ਦੁਖਦਾਈ ਖ਼ਬਰ ਮਿਲੀ। ਪਰਿਵਾਰ ਦਾ ਦਾਅਵਾ ਹੈ ਕਿ ਗੁਰਜੀਤ ਦੀ ਹੱਤਿਆ ਕੀਤੀ ਗਈ ਹੈ, ਜਦੋਂਕਿ ਅਮਰੀਕੀ ਪੁਲਿਸ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।
ਗੁਰਜੀਤ ਸਿੰਘ ਵਿਆਹ ਲਈ ਪੰਜਾਬ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਸੀ ਅਤੇ ਆਪਣਾ ਸਮਾਨ ਪੈਕ ਕਰ ਚੁੱਕਿਆ ਸੀ। ਪਰਿਵਾਰ ਨੇ ਭਾਰਤ ਅਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਪੂਰੀ ਤੇ ਨਿਰਪੱਖ ਜਾਂਚ ਕੀਤੀ ਜਾਵੇ।
ਸਥਾਨਕ ਸਮਾਜਿਕ ਨੇਤਾਵਾਂ ਨੇ ਵੀ ਭਾਰਤੀ ਸਰਕਾਰ ਨੂੰ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਅਮਰੀਕਾ ਦੀਆਂ ਅਧਿਕਾਰਤ ਏਜੰਸੀਆਂ ਤੋਂ ਸਪਸ਼ਟ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਦਿੱਤੀ ਜਾਵੇ।




