Sep 16, 2024 5:41 PM - Connect Newsroom

ਪੰਜਾਬ ਤੋਂ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਆਪਣੇ ਪੁਰਾਣੇ ‘ਬੌਸ’ ਰਾਹੁਲ ਗਾਂਧੀ ਨੂੰ ‘ਅੱਤਵਾਦੀ’ ਕਹਿਣ ਕਾਰਨ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ , ਬਿੱਟੂ ਨੇ ਇਹ ਟਿੱਪਣੀ ਰਾਹੁਲ ਵੱਲੋਂ ਅਮਰੀਕਾ ਵਿਚ ਪਿਛਲੇ ਦਿਨੀਂ ਸਿੱਖ ਭਾਈਚਾਰੇ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੀਤੀ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਬਿੱਟੂ ਦੇ ਬਿਆਨਾਂ ਦੀ ਆਲੋਚਨਾ ਕੀਤੀ। ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪਿਤਾ ਨੇ ਦੇਸ਼ ਲਈ ਸ਼ਹਾਦਤ ਦਿੱਤੀ ਅਤੇ ਰਾਹੁਲ ਗਾਂਧੀ ਉਹ ਵਿਅਕਤੀ ਹਨ ਜਿਸ ਨੇ ਆਪਣੇ ਪਿਤਾ ਦੇ ਕਾਤਲਾਂ ਤੱਕ ਨੂੰ ਵੀ ਮਾਫ ਕਰ ਦਿੱਤਾ।
ਓਧਰ, ਰਵਨੀਤ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਪਹਿਲਾਂ ਕਾਂਗਰਸ ਨੇ ਮੁਸਲਮਾਨਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਦੋਂ ਅਜਿਹਾ ਨਹੀਂ ਹੋਇਆ ਤੇ ਹੁਣ ਉਹ ਸਿੱਖਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।




