Nov 17, 2020 2:25 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 1,959 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਲਗਾਤਾਰ 3 ਦਿਨ ਤੱਕ ਬੀ.ਸੀ. 'ਚ ਰਿਕਾਰਡਤੋੜ ਮਾਮਲੇ ਰਿਪੋਰਟ ਹੋਏ ਹਨ।
9 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ ਹੈ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 22,944 ਹੋ ਗਈ ਹੈ।
ਅੱਜ ਦੇ ਮਾਮਲੇ ਬੀਤੇ 3 ਦਿਨ ਦਾ ਅੰਕੜਾ ਦਰਸ਼ਾਉਂਦੇ ਹਨ, ਜਿੱਥੇ ਸ਼ੁੱਕਰਵਾਰ ਨੂੰ 654, ਸ਼ਨੀਵਾਰ ਨੂੰ 659 ਅਤੇ ਐਤਵਾਰ ਤੋਂ ਸੋਮਵਾਰ ਵਿਚਾਲੇ 646 ਮਾਮਲੇ ਰਿਪੋਰਟ ਹੋਏ ਹਨ।
ਸ਼ਨੀਵਾਰ ਨੂੰ ਰਿਪੋਰਟ ਹੋਏ 659 ਮਾਮਲੇ, ਸੂਬੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 299 ਹੈ।
ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 6,259 ਤੱਕ ਪਹੁੰਚ ਗਏ ਹਨ।
ਹਸਪਤਾਲ 'ਚ ਦਾਖਿਲ ਵਾਇਰਸ ਪੀੜਤਾਂ ਦੀ ਗਿਣਤੀ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਕੁੱਲ 181 ਲੋਕ ਹਸਪਤਾਲ 'ਚ ਦਾਖਿਲ ਹਨ ਤੇ ਇਸ 'ਚ 57 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਯਾਦ ਰਹੇ ਅੱਜ ਇਕੱਲੇ ਫਰੇਜ਼ਰ ਹੈਲਥ ਇਲਾਕੇ 'ਚ 1,361 ਮਾਮਲੇ ਰਿਪੋਰਟ ਹੋਏ ਹਨ।
ਡਾ. ਹੈਨਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸਿਹਤ ਨਿਰਦੇਸ਼ਾਂ ਦੀ ਪੂਰੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਵੈਕਸੀਨ ਦੇ ਚੰਗੇ ਨਤੀਜਿਆਂ ਦੀਆਂ ਖਬਰਾਂ ਉਤਸ਼ਾਹਿਤ ਕਰਦੀਆਂ ਹਨ, ਪਰ ਅਜੇ ਵੈਕਸੀਨ ਪਹੁੰਚਣ 'ਚ ਸਮਾਂ ਲੱਗੇਗਾ ਅਤੇ ਫ਼ਿਲਹਾਲ ਬਚਾਅ ਸੰਬੰਧੀ ਚੁੱਕੇ ਜਾ ਰਹੇ ਕਦਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਡਾ. ਬੌਨੀ ਹੈਨਰੀ ਨੇ ਕਿਹਾ ਕਿ ਇਸ ਵਧਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਹੀ ਕਦਮ ਚੁੱਕੇ ਕੇ ਇਸ ਵਾਇਰਸ 'ਤੇ ਕਾਬੂ ਪਾਇਆ ਜਾ ਸਕਦਾ ਹੈ।




