Aug 6, 2026 5:21 PM - Connect Newsroom - Ramanpreet kaur with files from The Canadian Press

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਸਟੈਡ ਨੇ ਸੂਬੇ ਵਿਚ ਜੰਗਲੀ ਅੱਗ ਦੇ ਚੱਲਦਿਆਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਦਿੱਤੇ ਗਏ ਹੁਕਮਾਂ ਵਿਚਕਾਰ ਪ੍ਰੀਮੀਅਰ ਡੇਵਿਡ ਈਬੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਰਸਟੈਡ ਨੇ ਕਿਹਾ ਕਿ ਜਦੋਂ ਸੂਬੇ ਦੇ ਹਜ਼ਾਰਾਂ ਨਾਗਰਿਕ ਮੁਸ਼ਕਲ ਸਥਿਤੀ ਵਿਚ ਹਨ ਅਤੇ ਪਰਿਵਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਸੁਰੱਖਿਅਤ ਬਚੇ ਹਨ ਜਾਂ ਨਹੀਂ, ਅਜਿਹੇ ਸਮੇਂ ਵਿਚ ਪ੍ਰੀਮੀਅਰ ਦਾ ਜਨਤਕ ਤੌਰ 'ਤੇ ਸਾਹਮਣੇ ਨਾ ਆਉਣਾ ਬਿਲਕੁਲ ਗਲਤ ਹੈ।
ਉਨ੍ਹਾਂ ਇਸ ਨੂੰ ਲੀਡਰਸ਼ਿਪ ਦੀ ਇੱਕ ਵੱਡੀ ਨਾਕਾਮੀ ਕਰਾਰ ਦਿੱਤਾ ਅਤੇ ਕਿਹਾ ਹੈ ਕਿ ਪ੍ਰਭਾਵਿਤ ਲੋਕ ਸੂਬੇ ਦੇ ਮੁਖੀ ਕੋਲੋਂ ਜਵਾਬ ਅਤੇ ਮਦਦ ਦੀ ਉਮੀਦ ਰੱਖਦੇ ਹਨ। ਉਥੇ ਹੀ, ਇਸ ਵਿਚਕਾਰ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਈਬੀ ਨੇ ਜੰਗਲੀ ਅੱਗ ਦੇ ਚੱਲ ਰਹੇ ਸੰਕਟ ਦੌਰਾਨ ਸੂਬੇ ਦੇ ਲੋਕਾਂ ਦੀ ਆਪਸੀ ਇੱਕਜੁੱਟਤਾ ਅਤੇ ਹਿੰਮਤ ਦੀ ਸ਼ਲਾਘਾ ਕੀਤੀ।
ਉਨ੍ਹਾਂ ਲਿਖਿਆ ਕਿ ਮੁਸ਼ਕਲ ਸਮੇਂ ਵਿਚ ਬੀ.ਸੀ. ਦੇ ਲੋਕ ਹਮੇਸ਼ਾ ਇੱਕ ਦੂਜੇ ਦੇ ਨਾਲ ਖੜ੍ਹੇ ਹੁੰਦੇ ਹਨ ਅਤੇ ਅਜਿਹੇ ਕਦਮ ਹੀ ਸਾਡੀ ਅਸਲ ਪਛਾਣ ਹਨ। ਪ੍ਰੀਮੀਅਰ ਨੇ ਇਸ ਦੇ ਨਾਲ ਹੀ ਲਿਖਿਆ ਕਿ ਉਨ੍ਹਾਂ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਜੋ ਇਸ ਔਖੇ ਸਮੇਂ ਵਿਚ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ।




