Jul 24, 2020 3:34 PM -

ਕੰਜ਼ਰਵੇਟਿਵ ਲੀਡਰ ਐਂਡਰੂ ਸ਼ੀਅਰ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘ਵੀ’ ਸੰਗਠਨ ਦੇ ਵਿਵਾਦ ਦੇ ਚੱਲਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਸ਼ੀਅਰ ਨੇ ਪਹਿਲਾਂ ਵਿੱਤ ਮੰਤਰੀ ਬਿੱਲ ਮੋਰਨੋ ਦੇ ਪਰਿਵਾਰਕ ਮੈਂਬਰਾਂ ਵੱਲੋਂ 2017 ਵਿੱਚ ਲਈਆਂ ਯਾਤਰਾਵਾਂ ਦੇ ਸੰਬੰਧ ਵਿੱਚ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ ਜਿੰਨਾ ਦਾ ਕੁਝ ਖਰਚਾ ‘ਵੀ’ ਸੰਸਥਾ ਵਲੋਂ ਚੁਕਿਆ ਗਿਆ ਸੀ।
ਸ਼ੀਅਰ ਨੇ ਕਿਹਾ ਕਿ ਲਿਬਰਲ ਪਾਰਟੀ ਦੇ ਮੈਂਬਰਾਂ ਨੂੰ ਆਪਣੇ ਲੀਡਰ ਤੋਂ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ।
ਜਦ ਸ਼ੀਅਰ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਇਸ ਮੁੱਦੇ ਕਾਰਨ ਘੱਟ ਗਿਣਤੀ ਸਰਕਾਰ ਵਿੱਚ ਚੋਣਾਂ ਦਾ ਦਬਾਅ ਪਾਉਣਗੇ ਤਾਂ ਉਨ੍ਹਾਂ ਕਿਹਾ ਕਿ ਇਹ ਮੌਕਾ ਉਦੋਂ ਤੱਕ ਨਹੀਂ ਆਵੇਗਾ ਜਦ ਤੱਕ ਹਾਊਸ ਆਫ ਕਾਮਨਜ਼ ਵੱਲੋਂ ਆਮ ਵਾਂਗ ਆਪਣੀ ਕਾਰਵਾਈ ਦੀ ਸ਼ੁਰੂਆਤ ਨਹੀਂ ਕੀਤੀ ਜਾਂਦੀ ਅਤੇ ਇਸੇ ਲਈ ਟਰੂਡੋ ਅਤੇ ਮੋਰਨੋ ਨੂੰ ਆਪਣੇ ਔਹਦਿਆਂ ਤੋਂ ਹੱਟ ਜਾਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਲਿਬਰਲ ਸਰਕਾਰ ਨੂੰ ਕਾਨਫੀਡੈਂਸ ਮੋਸ਼ਨ ਵਿੱਚ ਹਰਾਉਣ ਦਾ ਫ਼ੈਸਲਾ ਅਗਲੇ ਪਾਰਟੀ ਲੀਡਰ ਦਾ ਹੋਣਾ ਚਾਹੀਦਾ ਹੈ ਜੋ ਕਿ ਕੰਜ਼ਰਵੇਟਿਵ ਲੀਡਰਸ਼ਿਪ ਦੀ ਦੌੜ ਦੇ ਨਤੀਜਿਆਂ ਤੋਂ ਬਾਅਦ ਅਗਸਤ ਵਿੱਚ ਐਲਾਨਿਆ ਜਾਵੇਗਾ।




