Aug 13, 2026 6:25 PM - Connect Newsroom - Ramandeep Kaur

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ਸੂਚਨਾ ਮਿਲਣ ਦੇ ਮਹਿਜ਼ 5 ਮਿੰਟਾਂ ਦੇ ਅੰਦਰ ਫਰੰਟ ਲਾਈਨ ਔਫੀਸਰ ਨੇ ਮੌਕੇ 'ਤੇ ਪਹੁੰਚ ਕੇ ਪੁਸ਼ਟੀ ਕੀਤੀ ਕਿ ਇਮਾਰਤ ਦੇ ਬਾਹਰੀ ਹਿੱਸੇ 'ਤੇ ਹੋਇਆ ਨੁਕਸਾਨ ਅਸਲ ਵਿਚ ਗੋਲੀਆਂ ਚੱਲਣ ਕਾਰਨ ਹੀ ਹੋਇਆ ਸੀ ਪਰ ਰਾਹਤ ਦੀ ਗੱਲ ਇਹ ਰਹੀ ਕਿ ਇਸ ਸ਼ੂਟਿੰਗ ਵਿਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਸਾਫ਼ ਕੀਤਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਗੋਲੀ ਚਲਾਉਣ ਦੀ ਵਾਰਦਾਤ ਕਿਸੇ ਐਕਸਟੋਸ਼ਨ ਦੇ ਮਾਮਲੇ ਨਾਲ ਜੁੜੀ ਹੋਈ ਹੈ ਜਾਂ ਨਹੀਂ।
ਇਨਵੈਸਟੀਗੇਟਰਸ ਨੇ ਇਸ ਮਾਮਲੇ ਦੀ ਕੋਈ ਵੀ ਵੀਡੀਓ ਫੁਟੇਜ ਜਾਂ ਜਾਣਕਾਰੀ ਹੋਣ 'ਤੇ ਸਰੀ ਪੁਲਿਸ ਸਰਵਿਸ ਨਾਲ 604-599-0502 'ਤੇ ਸੰਪਰਕ ਕਰਕੇ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।




