Sep 12, 2024 4:01 PM - The Canadian Press

ਐੱਨ.ਡੀ.ਪੀ. ਲੀਡਰ ਜਗਮੀਤ ਸਿੰਘ ਆਉਣ ਵਾਲੇ ਮਹੀਨਿਆਂ ਵਿਚ ਕਲਾਈਮੇਟ ਸਬੰਧੀ ਆਪਣੀ ਪਾਰਟੀ ਦਾ ਪਲੈਨ ਜਾਰੀ ਕਰਨਗੇ। ਉਨ੍ਹਾਂ ਅੱਜ ਮਾਂਟਰੀਅਲ ਵਿਚ ਪਾਰਟੀ ਦੀ ਬੈਠਕ ਦੀ ਸਮਾਪਤੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਦੀ ਘੋਸ਼ਣਾ ਕੀਤੀ।
ਹਾਲਾਂਕਿ, ਉਨ੍ਹਾਂ ਇਹ ਖੁਲਾਸਾ ਨਹੀਂ ਕੀਤਾ ਕਿ ਜੇ ਐੱਨ.ਡੀ.ਪੀ. ਸੱਤਾ ਵਿਚ ਆਉਂਦੀ ਹੈ ਤਾਂ ਕੀ ਉਹ ਖਪਤਕਾਰ ਕਾਰਬਨ ਦੀ ਕੀਮਤ ਨੂੰ ਖ਼ਤਮ ਕਰਨਗੇ ਜਾਂ ਇਸੇ ਤਰ੍ਹਾਂ ਜਾਰੀ ਰੱਖਣਗੇ। ਜਗਮੀਤ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵੱਡੇ ਪ੍ਰਦੂਸ਼ਕ ਇਸ ਦੀ ਕੀਮਤ
ਚੁਕਾਉਣ ਪਰ ਇਸ ਵਿਚਾਰ ਨੂੰ ਰੱਦ ਕੀਤਾ ਕਿ ਵਰਕਰਜ਼ ਨੂੰ ਵੀ ਜਲਵਾਯੂ ਪਰਿਵਰਤਨ ਨਾਲ ਲੜਨ ਦੀ ਕੀਮਤ ਉਠਾਉਣੀ ਚਾਹੀਦੀ ਹੈ। ਗੌਰਤਲਬ ਹੈ ਕਿ ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਵਰੇ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਉਹ ਟਰੂਡੋ ਸਰਕਾਰ ਵਲੋਂ ਲਿਆਂਦੇ ਗਏ ਕਾਰਬਨ ਟੈਕਸ ਨੂੰ ਖ਼ਤਮ ਕਰਨ ਦੇਣਗੇ।
ਪੋਲੀਵਰੇ ਦਾ ਦੋਸ਼ ਹੈ ਕਿ ਕਾਰਬਨ ਟੈਕਸ ਕਾਰਨ ਪਰਿਵਾਰਾਂ ’ਤੇ ਮਹਿੰਗਾਈ ਦਾ ਬੋਝ ਵਧਿਆ ਹੈ। ਜਗਮੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਪੋਲੀਵਰੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗੰਭੀਰ ਨਹੀਂ, ਜਦੋਂ ਕਿ ਦੂਜੇ ਪਾਸੇ ਲਿਬਰਲਸ ਨੇ ਘਰੇਲੂ ਹੀਟਿੰਗ ਤੇਲ ਨੂੰ ਕਾਰਬਨ ਕੀਮਤ ਤੋਂ ਛੋਟ ਦੇ ਕੇ ਕਾਮਿਆਂ ਨੂੰ ਇੱਕ-ਦੂਜੇ ਖਿਲਾਫ ਖੜ੍ਹੇ ਕੀਤਾ ਹੈ।




