Sep 16, 2026 2:14 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟੋਰੌਂਟੋ ਵਿਖੇ ਸੰਪੰਨ ਹੋਏ ਦੋ-ਰੋਜ਼ਾ ਕੈਨੇਡਾ ਨਿਵੇਸ਼ ਸੰਮੇਲਨ ਦੇ ਸਮਾਪਤੀ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਪਾਰਕ ਵਿਭਿੰਨਤਾ ਨੀਤੀਆਂ ਦੀ ਸ਼ਲਾਘਾ ਕੀਤੀ। ਹਾਰਪਰ ਨੇ ਸਰਕਾਰ ਵੱਲੋਂ ਐਨਰਜੀ ਖੇਤਰ ਵਿਚ ਲਏ ਜਾ ਰਹੇ ਫੈਸਲਿਆਂ ਦਾ ਸਮਰਥਨ ਕੀਤਾ ਅਤੇ ਇਹ ਵੀ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਵਾਰਤਾ ਤੋਂ ਪਿੱਛੇ ਹਟਣ ਤੋਂ ਇਲਾਵਾ ਕੈਨੇਡਾ ਕੋਲ ਕੋਈ ਰਸਤਾ ਨਹੀਂ ਸੀ।
ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਮਰੀਕਾ 'ਤੇ ਨਿਰਭਰਤਾ ਘਟਾਉਣ ਅਤੇ ਵਪਾਰ ਨੂੰ ਹੋਰਨਾਂ ਦੇਸ਼ਾਂ ਵੱਲ ਮੋੜਨ ਦੇ ਇਸ ਕਦਮ ਵਿਚ ਚੁਣੌਤੀਆਂ ਆਉਣਗੀਆਂ ਪਰ ਮੈਨੂੰ ਉਮੀਦ ਹੈ ਕਿ ਕੈਨੇਡੀਅਨ ਇਨ੍ਹਾਂ ਨੂੰ ਸਵੀਕਾਰ ਕਰਨ ਦੇ ਸਮਰੱਥ ਹਨ।
ਉਨ੍ਹਾਂ ਕਾਰਨੀ ਵਲੋਂ ਦੇਸ਼ ਨੂੰ ਐਨਰਜੀ ਸੁਪਰ ਪਾਵਰ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ, ਹਾਰਪਰ ਖ਼ੁਦ ਆਪਣੀ ਸੱਤਾ ਦੌਰਾਨ ਕੈਨੇਡਾ ਦੇ ਕੁਦਰਤੀ ਵਸੀਲਿਆਂ ਨੂੰ ਵਿਸ਼ਵ ਪੱਧਰ 'ਤੇ ਮੋਹਰੀ ਬਣਾਉਣ ਦੇ ਯਤਨਾਂ ਵਿਚ ਜੁਟੇ ਰਹੇ ਸਨ। ਦੱਸਣਯੋਗ ਹੈ ਕਿ ਉਨ੍ਹਾਂ ਨੇ ਹੀ ਕਾਰਨੀ ਨੂੰ ਬੈਂਕ ਔਫ ਕੈਨੇਡਾ ਦਾ ਗਵਰਨਰ ਨਿਯੁਕਤ ਕੀਤਾ ਸੀ ਅਤੇ ਦੋਵੇਂ ਆਗੂ ਅੱਜ ਵੀ ਆਰਥਿਕ ਮਾਮਲਿਆਂ 'ਤੇ ਸੰਪਰਕ ਵਿਚ ਰਹਿੰਦੇ ਹਨ।




