Dec 29, 2023 6:56 PM - The Canadian Press

ਔਟਵਾ ਦੀ ਰਿਡੋਅ ਰਿਵਰ ਵਿੱਚ ਲਾਪਤਾ ਦੂਜੇ ਟੀਨੇਜਰ ਦੀ ਵੀ ਪੁਲਿਸ ਨੂੰ ਲਾਸ਼ ਬਰਾਮਦ ਹੋਈ ਹੈ। ਇਹ ਨੌਜਵਾਨ 16 ਸਾਲ ਦਾ ਸੀ, ਜੋ ਬੁੱਧਵਾਰ ਰਾਤ ਆਪਣੇ ਤਿੰਨ ਹੋਰ ਦੋਸਤਾਂ ਨਾਲ ਬਰਫ਼ ਤੋਂ ਫਿਸਲ ਕੇ ਰਿਵਰ ਵਿੱਚ ਡਿੱਗ ਗਿਆ ਸੀ।
ਇਸ ਘਟਨਾ ਵਿੱਚ 15 ਸਾਲਾ ਲੜਕੀ ਅਤੇ 17 ਸਾਲਾ ਲੜਕਾ ਰਿਵਰ ਦੇ ਕਿਨਾਰੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ ਜਦੋਂ ਕਿ ਦੋ ਟੀਨੇਜਰ ਆਪਣੀ ਜ਼ਿੰਦਗੀ ਨਹੀਂ ਬਚਾ ਸਕੇ ਅਤੇ ਪੁਲਿਸ ਨੂੰ ਦੂਜੇ ਦਿਨ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਦੱਸ ਦਈਏ ਕਿ ਰਿਡੋਅ ਰਿਵਰ ਨੇੜੇ 4 ਟੀਨੇਜਰ ਵੀ ਬਰਫ਼ 'ਤੇ ਸਕੇਟਿੰਗ ਕਰਨ ਗਏ ਸਨ।
ਇਨ੍ਹਾਂ ਵਿੱਚੋਂ ਇੱਕ 17 ਸਾਲਾ ਨੌਜਵਾਨ ਦੀ ਪਛਾਣ ਅਹਿਮਦ ਹੈਥਮ ਵਜੋਂ ਸਾਹਮਣੇ ਆਈ ਹੈ, ਜੋ ਹਾਈ ਸਕੂਲ ਦੇ ਵਿਦਿਆਰਥੀ ਸੀ। ਅਹਿਮਦ ਕਰੀਬ ਇੱਕ ਦਹਾਕਾ ਪਹਿਲਾਂ ਆਪਣੇ ਪਰਿਵਾਰ ਨਾਲ ਇਰਾਕ ਤੋਂ ਸ਼ਰਨਾਰਥੀ ਵਜੋਂ ਕੈਨੇਡਾ ਆਇਆ ਸੀ।
ਉਸ ਦੀ ਲਾਸ਼ ਵੀਰਵਾਰ ਸਵੇਰੇ ਰਿਡੋਅ ਰਿਵਰ ਵਿੱਚੋਂ ਬਰਾਮਦ ਹੋਈ। ਪਿਛਲੇ ਹਫ਼ਤੇ ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ,ਕਿਊਬੈਕ ਦੀ ਮਿਸਟਾਸੀਬੀ ਰਿਵਰ ਵਿੱਚ ਲੰਘੇ ਸ਼ੁੱਕਰਵਾਰ ਡਿੱਗੀ ਇੱਕ 4 ਸਾਲਾ ਬੱਚੀ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਜੋ ਆਪਣੀ ਮਾਂ ਨਾਲ ਸਲੈਡਿੰਗ ਕਰਦੇ ਸਮੇਂ ਰਿਵਰ ਵਿੱਚ ਡਿੱਗ ਗਈ ਸੀ।




