Mar 25, 2021 7:22 PM -

ਹੈਲਥ ਕੈਨੇਡਾ ਦੀ ਚੀਫ਼ ਮੈਡਿਕਲ ਐਡਵਾਈਜ਼ਰ ਦਾ ਕਹਿਣਾ ਹੈ ਕਿ ਕੈਨੇਡਾ 'ਚ ਪ੍ਰਦਾਨ ਕੀਤੀਆਂ ਗਈਆਂ 3,00,000 ਔਕਸਫਰਡ-ਐਸਟ੍ਰਾਜ਼ੈਨਕਾ ਖੁਰਾਕਾਂ ਵਿੱਚ ਸਿਰਫ 3 ਅਜਿਹੇ ਮਾਮਲੇ ਉਜਾਗਰ ਹੋਏ ਹਨ, ਜਿੱਥੇ ਬਲੱਡ-ਕਲੌਟ ਬਣਨ ਦੀ ਜਾਣਕਾਰੀ ਮਿਲੀ ਹੈ।
ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਮਾਮਲੇ ਸਿੱਧੇ ਤੌਰ 'ਤੇ ਵੈਕਸੀਨ ਨਾਲ ਸੰਬੰਧਤ ਨਹੀਂ ਜਾਪਦੇ ਹਨ।
ਡਾ. ਸੁਪ੍ਰਿਯਾ ਸ਼ਰਮਾ ਨੇ ਕਿਹਾ ਕਿ ਇਹਨਾਂ 'ਚ ਕੋਈ ਵੀ ਮਾਮਲਾ ਅਜਿਹਾ ਨਹੀਂ ਸੀ ਜਿਸ ਦੀ ਯੂਰੋਪ 'ਚ ਦਿਮਾਗ 'ਚ ਬਣਨ ਵਾਲੇ ਬਲੱਡ-ਕਲੌਟ ਦੇ ਮਾਮਲਿਆਂ ਨਾਲ ਸਮਾਨਤਾ ਵਿਖਾਈ ਦਿੱਤੀ ਹੋਵੇ।
ਉਨ੍ਹਾਂ ਇਹ ਵੀ ਕਿਹਾ ਕਿ ਬਲੱਡ-ਕਲੌਟ ਬਣਨ ਦੇ ਮਾਮਲਿਆਂ ਦੀ ਦਰ ਬਾਕੀ ਵੈਕਸੀਨਾਂ 'ਚ ਵੀ ਉਸੇ ਪ੍ਰਕਾਰ ਦੀ ਹੈ, ਜਿਵੇਂ ਇਸ ਵੈਕਸੀਨ ਨਾਲ ਸੰਬੰਧਤ ਦੱਸੀ ਜਾ ਰਹੀ ਹੈ।
ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ 'ਤੇ ਲੱਗੇ ਪ੍ਰੋਡਕਟ ਲੇਬਲ 'ਚ ਤਬਦੀਲੀ
ਹੈਲਥ ਕੈਨੇਡਾ ਵੱਲੋਂ ਔਕਸਫਰਡ-ਐਸਟ੍ਰਾਜ਼ੈਨਕਾ ਵੈਕਸੀਨ 'ਤੇ ਲੱਗੇ ਪ੍ਰੋਡਕਟ ਲੇਬਲ 'ਚ ਤਬਦੀਲੀ ਕੀਤੀ ਜਾ ਰਹੀ ਹੈ।
ਹੁਣ ਇਸ 'ਤੇ ਬਲੱਡ ਕਲੌਟਿੰਗ ਦੀ ਚੇਤਾਵਨੀ ਵੀ ਦਿੱਤੀ ਜਾਵੇਗੀ।
ਏਜੈਂਸੀ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਦੀਆਂ ਰਿਪੋਰਟਸ ਬਹੁਤੀਆਂ ਨਹੀਂ ਹਨ ਅਤੇ ਕੈਨੇਡਾ 'ਚ ਅਜਿਹੇ ਮਾਮਲੇ ਉਜਾਗਰ ਨਹੀਂ ਹੋਏ ਹਨ।
ਹਾਲਾਂਕਿ ਲੇਬਲ ਚੇਤਾਵਨੀ ਉਸ ਵੇਲੇ ਦਿੱਤੀ ਜਾ ਰਹੀ ਹੈ, ਜਦ ਯੂਰੋਪ ਤੋਂ ਕੁਝ ਰਿਪੋਰਟਸ ਆਈਆਂ ਸਨ ਕਿ ਇਸ ਵੈਕਸੀਨ ਕਾਰਨ ਕੁਝ ਲੋਕਾਂ ਦੇ ਦਿਮਾਗ 'ਚ ਇੱਕ ਬੇਹੱਦ ਵਿਲੱਖਣ ਪ੍ਰਕਾਰ ਦਾ ਬਲੱਡ ਕਲੌਟ ਬਣਦਾ ਹੈ।
ਹੈਲਥ ਕੈਨੇਡਾ ਦੀ ਚੀਫ਼ ਮੈਡਿਕਲ ਐਡਵਾਈਜ਼ਰ, ਡਾ. ਸੁਪ੍ਰਿਯਾ ਸ਼ਰਮਾ ਦਾ ਕਹਿਣਾ ਹੈ ਕਿ ਉਹ ਯੂਰੋਪੀਅਨ ਸਿਹਤ ਅਧਿਕਾਰੀਆਂ ਨਾਲ ਸਹਿਮਤ ਹਨ ਕਿ ਇਸ ਵੈਕਸੀਨ ਦੇ ਲਾਭ ਕਿਸੇ ਵੀ ਖਤਰੇ ਦੀ ਤੁਲਣਾ 'ਚ ਬੇਹੱਦ ਵੱਧ ਹਨ।




