Aug 6, 2026 3:56 PM - Connect Newsroom - Ramanpreet kaur with files from The Canadian Press

ਟੌਰੌਂਟੋ ਵਿਚ ਅਮਰੀਕੀ ਕੌਂਸਲੇਟ 'ਤੇ ਹਾਲ ਹੀ ਵਿਚ ਹੋਈ ਦੂਜੀ ਸ਼ੂਟਿੰਗ ਦੇ ਸਬੰਧ ਵਿਚ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਦੀ ਉਮਰ ਸਿਰਫ਼ 15 ਸਾਲ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਚੀਫ਼ ਮਾਈਰੋਨ Demkiw ਨੇ ਦੱਸਿਆ ਕਿ 27 ਜੁਲਾਈ ਨੂੰ ਹੋਈ ਇਸ ਸ਼ੂਟਿੰਗ ਦੇ ਸਬੰਧ ਵਿਚ ਸ਼ੱਕੀਆਂ ਖ਼ਿਲਾਫ਼ ਕਈ ਚਾਰਜਿਜ਼ ਲਗਾਏ ਗਏ ਹਨ, ਜਿਨ੍ਹਾਂ ਦੇ ਨਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਨ੍ਹਾਂ ਦੋਸ਼ਾਂ ਵਿਚ ਅਦਾਲਤ ਵੱਲੋਂ ਦਿੱਤੀ ਗਈ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ 10 ਮਾਰਚ ਨੂੰ ਵੀ ਅਮਰੀਕੀ ਕੌਂਸਲੇਟ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਸਨ। Chief Demkiw ਮੁਤਾਬਕ, ਦੋਵਾਂ ਘਟਨਾਵਾਂ ਪਿੱਛੇ ਮਕਸਦ ਇੱਕੋ ਜਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਇਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਇਸ ਹਮਲੇ ਨੂੰ ਅੰਜਾਮ ਦੇਣ ਲਈ ਪੈਸੇ ਦੀ ਪੇਸ਼ਕਸ਼ ਕੀਤੀ ਗਈ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਅਪਰਾਧਿਕ ਨੈੱਟਵਰਕ ਦੇ ਪਿੱਛੇ ਕੌਣ ਹੋ ਸਕਦਾ ਹੈ, ਇਹ ਚੱਲ ਰਹੀ ਜਾਂਚ ਦਾ ਮੁੱਖ ਕੇਂਦਰ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮਾਰਚ ਵਿਚ ਹੋਈ ਸ਼ੂਟਿੰਗ ਦੇ ਸਬੰਧ ਵਿਚ ਵੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਉਮਰ ਵੀ 18-19 ਸਾਲ ਸੀ। ਉਨ੍ਹਾਂ ਦੇ ਸਬੰਧ ਵੀ ਪੈਸੇ ਦੇ ਕੇ ਜੁਰਮ ਕਰਵਾਉਣ ਵਾਲੇ ਕਿਸੇ ਨੈੱਟਵਰਕ ਨਾਲ ਜੁੜੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ।




