Aug 27, 2024 3:59 PM - The Canadian Press

ਕੈਨੇਡਾ ਵਿਚ ਕਾਲੀ ਖਾਂਸੀ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਟੋਰੌਂਟੋ ਦੇ ਪਬਲਿਕ ਹੈਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਟੋਰੌਂਟੋ ਵਿਚ ਕਾਲੀ ਖਾਂਸੀ ਦੇ ਮਾਮਲਿਆਂ ਦੀ ਗਿਣਤੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ 5 ਸਾਲਾਂ ਦੀ ਔਸਤ ਤੋਂ ਦੁੱਗਣੀ ਹੋ ਗਈ ਹੈ। ਹੈਲਥ ਏਜੰਸੀ ਨੇ ਟੋਰੌਂਟੋ ਵਿਚ ਇਸ ਸਾਲ ਹੁਣ ਤੱਕ ਕੁੱਲ 99 ਕੇਸ ਦਰਜ ਕੀਤੇ ਹਨ, ਜਦੋਂ ਕਿ ਕੋਵਿਡ ਤੋਂ ਪਹਿਲਾਂ ਦੇ ਪੰਜ ਸਾਲਾਂ ਦੀ ਔਸਤ 38 ਸੀ।
ਕਾਲੀ ਖਾਂਸੀ ਨੂੰ ਪਰਟੂਸਿਸ ਵੀ ਕਿਹਾ ਜਾਂਦਾ ਹੈ। ਇਹ ਇੱਕ ਬਹੁਤ ਹੀ ਗੰਭੀਰ ਸੰਕਰਮਣ ਹੈ ਜੋ ਸਾਹ ਲੈਣ ਵਿਚ ਮੁਸ਼ਕਲ ਪੈਦਾ ਕਰ ਸਕਦਾ ਹੈ। ਓਨਟਾਰੀਓ ਵਿਚ ਹਰ ਦੋ ਤੋਂ 6 ਸਾਲ ਵਿਚ ਇਸ ਦੇ ਮਾਮਲੇ ਵੱਧ ਜਾਂਦੇ ਹਨ। ਇਹ ਇੱਕ ਛੂਤ ਵਾਲੀ ਖੰਘ ਹੈ ਜੋ ਬੱਚਿਆਂ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ।
ਟੋਰੌਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ 41 ਫੀਸਦੀ ਮਾਮਲੇ 10 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਵਿਚ ਪਾਏ ਜਾਂਦੇ ਹਨ। ਪਿਛਲੇ ਹਫ਼ਤੇ ਨਿਊ ਬਰੰਜ਼ਵਿਕ ਦੇ ਸਿਹਤ ਅਧਿਕਾਰੀ ਨੇ ਸੂਬੇ ਵਿਚ ਕਾਲੀ ਖ਼ਾਂਸੀ ਦੇ ਇਸ ਸਾਲ ਹੁਣ ਤੱਕ 141 ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਸੀ।




