Dec 20, 2023 2:24 PM - The Canadian Press

ਕੈਨੇਡੀਅਨ ਟਰਾਂਸਪੋਰਟ ਏਜੰਸੀ ਨੇ ਏਅਰ ਕੈਨੇਡਾ ਨੂੰ ਆਪਣੇ ਇੱਕ ਅਪਾਹਿਜ ਯਾਤਰੀ ਦੀ ਜਹਾਜ਼ ਵਿਚੋਂ ਉਤਰਨ ਲਈ ਮਦਦ ਨਾ ਕਰਨ ’ਤੇ $97,500 ਦਾ ਭਾਰੀ ਜੁਰਮਾਨਾ ਲਗਾਇਆ ਹੈ।
ਏਜੰਸੀ ਨੇ ਕਿਹਾ ਕਿ ਏਅਰਲਾਈਨ ਨੂੰ ਇਹ ਜੁਰਮਾਨਾ ਕੈਨੇਡੀਅਨ ਅਪੰਗਤਾ ਨਿਯਮ ਦੀਆਂ ਕਈ ਉਲੰਘਣਾਵਾਂ ਲਈ ਭਰਨਾ ਹੋਵੇਗਾ। ਏਜੰਸੀ ਨੇ ਕਿਹਾ ਕਿ 30 ਅਗਸਤ ਨੂੰ ਏਅਰ ਕੈਨੇਡਾ ਦੇ ਅਮਲੇ ਨੇ ਲਾਸ ਵੇਜਸ ਵਿਚ ਬਿ੍ਰਟਿਸ਼ ਕੋਲੰਬੀਆ ਦੇ ਪਿ੍ਰੰਸ ਜਾਰਜ ਦੇ ਰਹਿਣ ਵਾਲੇ ਇੱਕ ਅਜਿਹੇ ਯਾਤਰੀ ਨੂੰ ਜਹਾਜ਼ ਵਿਚੋਂ ਉਤਰਨ ਲਈ ਸਹਾਇਤਾ ਨਹੀਂ ਕੀਤੀ, ਜੋ ਲੱਤਾਂ ਤੋਂ ਤੁਰ-ਫਿਰ ਨਹੀਂ ਸਕਦਾ ਸੀ।
ਰੋਡਨੀ ਹਾਜਿਨਸ ਨਾਂ ਦੇ ਯਾਤਰੀ ਨੂੰ ਖ਼ੁਦ ਹੀ ਆਪਣੀਆਂ ਬਾਹਾਂ ਦੇ ਬਲ ’ਤੇ ਜਹਾਜ਼ ਵਿਚੋਂ ਉਤਰਨ ਲਈ ਮਜਬੂਰ ਹੋਣਾ ਪਿਆ ਅਤੇ ਇਸ ਤੋਂ ਇਲਾਵਾ ਜਦੋਂ ਉਹ ਟਰਮੀਨਲ ਵਿਚ ਉਡੀਕ ਕਰ ਰਿਹਾ ਸੀ ਤਾਂ ਏਅਰ ਕੈਨੇਡਾ ਨੇ ਉਸ ਸਮੇਂ ਵੀ ਇਹ ਯਕੀਨੀ ਨਹੀਂ ਕੀਤਾ ਕਿ ਉਸ ਦੇ ਕਰਮਚਾਰੀ ਸਮੇਂ-ਸਮੇਂ ’ਤੇ ਉਸ ਨੂੰ ਚਾਹੀਦੀ ਮਦਦ ਬਾਰੇ ਪੁੱਛਦੇ ਰਹਿੰਦੇ।
ਏਅਰਲਾਈਨ ਦੇ ਸੀ.ਈ.ਓ. ਨੇ ਇਸ ਘਟਨਾ ’ਤੇ ਪਛਤਾਵਾ ਜਤਾਉਂਦੇ ਹੋਏ 9 ਨਵੰਬਰ ਨੂੰ ਮਾਫੀ ਮੰਗੀ ਸੀ। ਗੌਰਤਲਬ ਹੈ ਕਿ ਕੈਨੇਡੀਅਨ ਟਰਾਂਸਪੋਰਟ ਏਜੰਸੀ ਦੇ ਫੈਸਲੇ ਖਿਲਾਫ਼ ਟਰਾਂਸਪੋਰਟੇਸ਼ਨ ਟ੍ਰਿਬਿਊਨਲ ਵਿਚ ਅਪੀਲ ਕਰਨ ਲਈ ਏਅਰ ਕੈਨੇਡਾ ਕੋਲ 30 ਦਿਨ ਦਾ ਸਮਾਂ ਹੈ।




