Nov 14, 2024 1:53 PM - Canadian Press

ਪੀ.ਐੱਮ ਜਸਟਿਨ ਟਰੂਡੋ APEC ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਪੇਰੂ ਦੀ ਰਾਜਧਾਨੀ ਲੀਮਾ ਦੇ ਦੌਰੇ 'ਤੇ ਹਨ, ਇਸ ਤੋਂ ਬਾਅਦ ਉਹ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਹੋਣ ਵਾਲੀ G20 ਬੈਠਕ ਵਿਚ ਵੀ ਹਿੱਸਾ ਲੈਣਗੇ।
ਪੇਰੂ ਵਿਚ ਟਰੂਡੋ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਗਰੁੱਪ ਦੀ ਬੈਠਕ ਵਿਚ ਸ਼ਾਮਲ ਹੋ ਰਹੇ ਹਨ, ਜਿਸ ਦਾ ਮੁੱਖ ਉਦੇਸ਼ ਵਪਾਰ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਪ੍ਰਸ਼ਾਂਤ ਖੇਤਰ ਵਿਚ ਬਿਹਤਰ ਸੰਪਰਕ ਸਥਾਪਿਤ ਕਰਨਾ ਸ਼ਾਮਲ ਹੈ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ G20 ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣਗੇ, ਜਿੱਥੇ ਯੂਕਰੇਨ ਵਿਚ ਜਾਰੀ ਯੁੱਧ ਤੋਂ ਲੈ ਕੇ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਭੁੱਖਮਰੀ ਸਮਾਪਤ ਕਰਨ ਵਰਗੇ ਮੁੱਦਿਆਂ 'ਤੇ ਚਰਚਾ ਹੋਵੇਗੀ। ਇਹ ਦੋਵੇਂ ਮਹੱਤਵਪੂਰਨ ਬੈਠਕਾਂ ਉਦੋਂ ਹੋ ਰਹੀਆਂ ਹਨ, ਜਦੋਂ ਡੋਨਲਡ ਟਰੰਪ ਦੀ ਵ੍ਹਾਈਟ ਹਾਊਸ ਵਿਚ ਵਾਪਸੀ ਤੋਂ ਬਾਅਦ ਵਪਾਰ ਯੁੱਧ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਲਈ ਇਹਨਾਂ ਬੈਠਕਾਂ ਜ਼ਰੀਏ ਹੋਰ ਮੁਲਕਾਂ ਨਾਲ ਮਜਬੂਤ ਸਬੰਧ ਬਣਾਈ ਰੱਖਣਾ ਮਹੱਤਵਪੂਰਨ ਹੋਵੇਗਾ ਕਿਉਂਕਿ ਟਰੰਪ ਪ੍ਰਸ਼ਾਸਨ ਟੈਰਿਫ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਗਲੋਬਲ ਵਪਾਰ ਪ੍ਰਭਾਵਿਤ ਹੋ ਸਕਦਾ ਹੈ।




