Sep 29, 2020 3:32 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੋਵਿਡ-19 ਨੂੰ ਠੱਲ ਪਾਉਣ ਲਈ ਵਿਕਾਸ ਅਤੇ ਮਾਨਵਤਾ ਦੇ ਸਹਿਯੋਗ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਕੈਨੇਡਾ ਵਲੋਂ ਵਿੱਤੀ ਸਹਿਯੋਗ ਵਿੱਚ $400 ਮਿਲੀਅਨ ਹੋਰ ਯੋਗਦਾਨ ਪਾਉਣ ਦਾ ਐਲਾਨ ਕੀਤਾ ਗਿਆ ਹੈ।
ਟਰੂਡੋ ਮੁਤਾਬਕ ਇਹ ਰਕਮ ਉਨ੍ਹਾਂ ਭਰੋਸੇਯੋਗ ਸਾਥੀਆਂ ਨੂੰ ਜਾਵੇਗੀ ਜੋ ਦੁਨੀਆ ਭਰ ਵਿੱਚ ਕੋਵਿਡ-19 ਨੂੰ ਕਾਬੂ ਕਰਨ ਲਈ ਕੰਮ ਕਰ ਰਹੇ ਹਨ।
ਇਹ ਐਲਾਨ ਟਰੂਡੋ ਨੇ ਯੂਨਾਈਟਡ ਨੇਸ਼ਨਜ਼ ਦੀ ਇੱਕ ਵੀਡੀਓ ਕਾਨਫਰੰਸ ਦੌਰਾਨ ਕੀਤਾ ਜਿਸ ਵਿੱਚ ਉਨ੍ਹਾਂ ਨਾਲ ਸੈਕਰੇਟਰੀ ਜਨਰਲ ਐਂਟੋਨੀਓ ਗਿਟੈਰੇਸ ਅਤੇ ਜਮੇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੈੱਸ ਸ਼ਾਮਿਲ ਸਨ।
ਤਿੰਨਾਂ ਵਲੋਂ ਸਪਰਿੰਗ ਤੋਂ ਬਾਅਦ ਯੂ.ਐਨ. ਦੇ ‘ਹਾਈ-ਲੈਵਲ ਇਵੈਂਟ ਔਨ ਫਾਇਨਾਂਨਸਿੰਗ ਫਾਰ ਡਿਵੈਲਪਮੈਂਟ ਇਨ ਦ ਇਰਾ ਆਫ ਕੋਵਿਡ -19 ਐਂਡ ਬਿਆਂਡ’ ਦੇ ਸੰਬੰਧ ਵਿੱਚ ਆਯੋਜਿਤ ਕੀਤੀ ਗਈ ਇਹ ਦੂਜੀ ਅਜੇਹੀ ਬੈਠਕ ਸੀ।
ਟਰੂਡੋ ਮੁਤਾਬਕ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਹੋਰ ਨਿਵੇਸ਼ ਵੀ ਕਰੇਗਾ ਅਤੇ ਉਹ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਕੇ ਕਰਜ਼ਿਆਂ ਹੇਠ ਆਏ ਦੇਸ਼ਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੰਮ ਕਰਦੇ ਰਹਿਣਗੇ।
ਟਰੂਡੋ ਨੇ ਕਿਹਾ ਕਿ ਕੈਨੇਡਾ ਅਜਿਹੇ ਮੁਲਕਾਂ ਦੇ ਮੁੱਦੇ G7, G20 ਅਤੇ ਵਰਲਡ ਬੈਂਕ ਵਰਗੀਆਂ ਵਿਸ਼ਾਲ ਫੋਰਮਾਂ ਦੇ ਸਾਹਮਣੇ ਲੈ ਆਉਣ ਲਈ ਜ਼ੋਰ ਪਾਉਂਦਾ ਰਹੇਗਾ।




