Nov 18, 2024 1:49 PM - Canadian Press
ਪੀ.ਐੱਮ ਜਸਟਿਨ ਟਰੂਡੋ ਅੱਜ ਬ੍ਰਾਜ਼ੀਲ ਵਿਚ ਜੀ-20 ਬੈਠਕ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨਾਲ ਮੁਲਾਕਾਤ ਕਰ ਰਹੇ ਹਨ। ਇਹ ਮੁਲਾਕਾਤ ਉਦੋਂ ਹੋ ਰਹੀ ਹੈ ਜਦੋਂ ਬਾਈਡੇਨ ਨੇ ਯੂਕਰੇਨ ਨੂੰ ਰੂਸ ਦੇ ਅੰਦਰ ਤੱਕ ਹਮਲਾ ਕਰਨ ਲਈ ਅਮਰੀਕਾ ਵਲੋਂ ਦਿੱਤੀਆਂ ਗਈਆਂ ਲੰਬੀ ਦੂਰੀ ਦੀਆਂ ਮਿਜ਼ਰਾਇਲਾਂ ਦੀ ਵਰਤੋਂ ਕਰਨ ਦੀ ਹਰੀ ਝੰਡੀ ਦਿੱਤੀ ਹੈ।
ਟਰੂਡੋ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨਾਲ ਵੀ ਮੁਲਾਕਾਤ ਕਰਨਗੇ, ਇਨ੍ਹਾਂ ਦੋਹਾਂ ਨੇਤਾਵਾਂ ਨਾਲ ਟਰੂਡੋ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ। ਮੈਕਸੀਕੋ ਦੀ ਰਾਸ਼ਟਰਪਤੀ ਨਾਲ ਪੀ. ਐੱਮ. ਟਰੂਡੋ ਵਲੋਂ ਚੀਨੀ ਨਿਵੇਸ਼ ਬਾਰੇ ਚਿੰਤਾ ਜਤਾਏ ਜਾਣ ਦੀ ਸੰਭਾਵਨਾ ਹੈ। ਜੀ-20 ਬੈਠਕ ਦੀ ਸਾਈਡਲਾਈਨ 'ਤੇ ਪ੍ਰਧਾਨ ਮੰਤਰੀ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਅਤੇ ਸਪੇਨ ਦੇ ਪੀ. ਐੱਮ. ਪੇਡਰੋ ਸਾਂਚੇਜ਼ ਨਾਲ ਵੀ ਮੁਲਾਕਾਤ ਕਰਨਗੇ।
ਟਰੂਡੋ ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਅਗਵਾਈ ਵਿਚ ਹੋ ਰਹੇ ਜੀ-20 ਦੇ ਮੁੱਖ ਸਮਾਗਮਾਂ ਵਿਚ ਵੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਕਈ ਪ੍ਰੋਗਰਾਮ ਭੁੱਖਮਰੀ ਅਤੇ ਗਰੀਬੀ ਨੂੰ ਸਮਾਪਤ ਕਰਨ 'ਤੇ ਕੇਂਦਰਿਤ ਹਨ। ਪੀ. ਐੱਮ. ਮੋਦੀ ਵੀ ਜੀ-20 ਬੈਠਕ ਵਿਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਵਿਚ ਹਨ।