Oct 24, 2025 2:11 PM - Connect Newsroom

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਓਨਟਾਰੀਓ ਸਰਕਾਰ ਦੇ ਟੈਰਿਫ-ਵਿਰੋਧੀ ਇਸ਼ਤਿਹਾਰ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਨਾਲ ਵਪਾਰ ਵਾਰਤਾ ਖਤਮ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਓਨਟਾਰੀਓ ਸਰਕਾਰ ਨੇ ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਇੱਕ ਫੇਕ ਟੀਵੀ ਐਡ ਚਲਾਈ, ਜਿਸ ਵਿਚ ਉਹ ਟੈਰਿਫਸ ਬਾਰੇ ਨਕਾਰਾਤਮਕ ਬੋਲਦੇ ਹੋਏ ਦਿਖਾਈ ਦੇ ਰਹੇ ਹਨ।
ਰੋਨਾਲਡ ਰੀਗਨ ਫਾਊਂਡੇਸ਼ਨ ਨੇ ਕਿਹਾ ਕਿ ਇਸ਼ਤਿਹਾਰ ਵਿਚ ਸਾਬਕਾ ਰਾਸ਼ਟਰਪਤੀ ਦੇ 1987 ਦੇ ਇੱਕ ਰੇਡੀਓ ਸਟੇਸ਼ਨ ਨੂੰ ਸੰਬੋਧਨ ਦੀ ਆਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਓਨਟਾਰੀਓ ਸਰਕਾਰ ਨੇ ਉਨ੍ਹਾਂ ਟਿੱਪਣੀਆਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਐਡਿਟ ਕਰਨ ਲਈ ਨਾ ਤਾਂ ਇਜਾਜ਼ਤ ਮੰਗੀ ਅਤੇ ਨਾ ਹੀ ਇਸ ਦੀ ਮਨਜ਼ੂਰੀ ਪ੍ਰਾਪਤ ਕੀਤੀ।
ਰਾਸ਼ਟਰਪਤੀ ਟਰੰਪ ਨੇ ਬੀਤੀ ਰਾਤ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਇਸ਼ਤਿਹਾਰ 75,000 ਡਾਲਰ ਦਾ ਸੀ ਅਤੇ ਕੈਨੇਡਾ ਨੇ ਅਜਿਹਾ ਸਿਰਫ਼ ਅਮਰੀਕੀ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਫੈਸਲੇ ਵਿਚ ਦਖਲ ਦੇਣ ਲਈ ਕੀਤਾ। ਉਨ੍ਹਾਂ ਕਿਹਾ ਕਿ ਟੈਰਿਫਸ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹਨ ਅਤੇ ਕੈਨੇਡਾ ਦੇ ਇਸ ਵਰਤਾਰੇ ਦੇ ਆਧਾਰ 'ਤੇ ਉਨ੍ਹਾਂ ਨਾਲ ਵਪਾਰਕ ਗੱਲਬਾਤ ਨੂੰ ਇੱਥੇ ਹੀ ਪੂਰੀ ਤਰ੍ਹਾਂ ਖਤਮ ਕੀਤਾ ਜਾਂਦਾ ਹੈ।




