Apr 23, 2026 2:09 PM - Connect Newsroom - Ramandeep Kaur with files from The Canadian Press

ਬੀ. ਸੀ. ਵਿਚ ਜੰਗਲੀ ਅੱਗ ਲੱਗਣ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਵਾਈਲਡ ਫਾਇਰ ਸਰਵਿਸ ਏਜੰਸੀ ਮੁਤਾਬਕ, ਸੂਬੇ ਵਿਚ ਇਸ ਸਮੇਂ 15 ਥਾਵਾਂ 'ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿਚੋਂ ਦੋ ਆਊਟ ਔਫ ਕੰਟਰੋਲ ਹਨ। ਇਨ੍ਹਾਂ ਵਿਚੋਂ ਚਾਰ ਅੱਗਾਂ ਬੁੱਧਵਾਰ ਨੂੰ ਹੀ ਸ਼ੁਰੂ ਹੋਈਆਂ ਹਨ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 1 ਅਪ੍ਰੈਲ ਤੋਂ ਹੁਣ ਤੱਕ ਸੂਬੇ ਵਿਚ 57 ਜੰਗਲੀ ਅੱਗਾਂ ਰਿਪੋਰਟ ਹੋ ਚੁੱਕੀਆਂ ਹਨ।
ਇਨ੍ਹਾਂ ਵਿਚੋਂ 93 ਫੀਸਦੀ ਅੱਗਾਂ ਮਨੁੱਖੀ ਗਲਤੀਆਂ ਕਰਕੇ ਲੱਗੀਆਂ ਹਨ। ਇਸ ਵੇਲੇ ਸਰਗਰਮ ਵਾਈਲਡਫਾਇਰ ਸੂਬੇ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਸਾਊਥ ਈਸਟ, ਕੈਮਲੂਪਸ, ਕੈਰੀਬੂ ਅਤੇ ਪ੍ਰਿੰਸ ਜਾਰਜ ਫਾਇਰ ਸੈਂਟਰ ਵਿਚ ਬਲ ਰਹੀਆਂ ਹਨ। ਦੋ ਕਾਬੂ ਤੋਂ ਬਾਹਰ ਅੱਗਾਂ ਕੈਰੀਬੂ ਫਾਇਰ ਸੈਂਟਰ ਅਤੇ ਪ੍ਰਿੰਸ ਜਾਰਜ ਫਾਇਰ ਸੈਂਟਰ ਵਿਚ ਹਨ। ਬੀ.ਸੀ. ਵਾਈਲਡ ਫਾਇਰ ਸਰਵਿਸ ਮੁਤਾਬਕ, ਇਸ ਸਾਲ ਹੁਣ ਤੱਕ 1,100 ਹੈਕਟੇਅਰ ਤੋਂ ਵੱਧ ਜੰਗਲੀ ਖੇਤਰ ਅੱਗ ਨਾਲ ਪ੍ਰਭਾਵਿਤ ਹੋ ਚੁੱਕਾ ਹੈ।




