Sep 21, 2026 5:04 PM - Connect Newsroom - Ramandeep Kaur with files from The Canadian Press

ਕੈਨੇਡਾ ਨਾਲ ਟ੍ਰੇਡ ਵਾਰ ਵਿਚਕਾਰ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੇਲਾਰੂਸ ਤੋਂ ਪੋਟਾਸ਼ ਖਰੀਦਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਮਵਾਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਅਮਰੀਕਾ, ਬੇਲਾਰੂਸ ਤੋਂ ਪੋਟਾਸ਼ ਦੀ ਖਰੀਦ ਲਈ ਇੱਕ ਵਿਸ਼ਾਲ ਡੀਲ ਕਰ ਰਿਹਾ ਹੈ ਅਤੇ ਇਸ ਨਵੇਂ ਸਮਝੌਤੇ ਤਹਿਤ ਕੀਮਤ ਉਸ ਰਕਮ ਨਾਲੋਂ ਬਹੁਤ ਘੱਟ ਹੋਵੇਗੀ ਜੋ ਅਮਰੀਕਾ ਵਰਤਮਾਨ ਵਿਚ ਕੈਨੇਡਾ ਨੂੰ ਪੇਅ ਕਰ ਰਿਹਾ ਹੈ।
ਟਰੰਪ ਨੇ ਇਸ ਸੰਭਾਵਤ ਕਦਮ ਨੂੰ ਅਮਰੀਕੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਬਹੁਤ ਵੱਡੀ ਅਤੇ ਚੰਗੀ ਖ਼ਬਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੁਨੀਆ ਭਰ ਵਿਚ ਪੋਟਾਸ਼ ਦਾ ਸਭ ਤੋਂ ਵੱਡਾ ਐਕਸਪੋਟਰ ਹੈ ਅਤੇ ਅਮਰੀਕਾ ਆਪਣੀ ਖੇਤੀਬਾੜੀ ਦੀ ਲੋੜ ਨੂੰ ਪੂਰਾ ਕਰਨ ਲਈ ਸਭ ਤੋਂ ਵੱਧ ਕੈਨੇਡੀਅਨ ਪੋਟਾਸ਼ 'ਤੇ ਹੀ ਨਿਰਭਰ ਰਿਹਾ ਹੈ।
ਦੂਜੇ ਪਾਸੇ, ਬੇਲਾਰੂਸ ਪੋਟਾਸ਼ ਉਤਪਾਦਨ ਦੇ ਮਾਮਲੇ ਵਿਚ ਵਿਸ਼ਵ ਵਿਚ ਤੀਜੇ ਨੰਬਰ 'ਤੇ ਆਉਂਦਾ ਹੈ। ਜੇਕਰ ਇਹ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਇਹ ਕੈਨੇਡਾ ਦੇ ਪੋਟਾਸ਼ ਉਦਯੋਗ ਲਈ ਇੱਕ ਝਟਕਾ ਸਾਬਤ ਹੋ ਸਕਦਾ ਹੈ, ਹਾਲਾਂਕਿ ਟਰੰਪ ਨੇ ਅਜੇ ਤੱਕ ਡੀਲ ਦੇ ਪੂਰੇ ਵੇਰਵੇ ਸਾਂਝੇ ਨਹੀਂ ਕੀਤੇ ਹਨ।




