Sep 22, 2026 1:43 PM - Connect Newsroom - Ramandeep Kaur with files from The Canadian Press

ਟੋਰੌਂਟੋ ਦੇ ਦੋ ਵੱਖ-ਵੱਖ ਇਲਾਕਿਆਂ ਵਿਚ ਅੱਗ ਲਗਾਈਆਂ ਹੋਈਆਂ ਗੱਡੀਆਂ ਵਿਚੋਂ ਦੋ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ, ਦੋਵੇਂ ਘਟਨਾਵਾਂ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਤੜਕੇ ਵਿਚਕਾਰ ਸਕਾਰਬਰੋ ਅਤੇ ਏਟੋਬਿਕੋਕ ਵਿਚ ਵਾਪਰੀਆਂ। ਪਹਿਲੀ ਘਟਨਾ ਰਾਤ ਲਗਭਗ 11:24 ਵਜੇ ਸਕਾਰਬਰੋ ਦੇ ਰੀਸਰ ਰੋਡ ਵਿਖੇ ਸਾਹਮਣੇ ਆਈ, ਜਿੱਥੇ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅੱਗ ਬੁਝਾਉਣ ਤੋਂ ਬਾਅਦ ਇਸ ਵਿਚੋਂ ਲਾਸ਼ ਬਰਾਮਦ ਹੋਈ।
ਇਸ ਦੇ ਕਰੀਬ ਡੇਢ ਘੰਟੇ ਬਾਅਦ ਵੱਡੇ ਤੜਕੇ 1 ਵਜੇ ਦੇ ਆਸਪਾਸ ਪੁਲਿਸ ਨੂੰ ਏਟੋਬਿਕੋਕ ਦੇ ਜੇਮਜ਼ ਗਾਰਡਨ ਪਾਰਕ ਵਿਚ ਇੱਕ ਹੋਰ ਗੱਡੀ ਨੂੰ ਅੱਗ ਲੱਗੀ ਹੋਈ ਦੀ ਰਿਪੋਰਟ ਮਿਲੀ, ਜਿੱਥੇ ਪਹੁੰਚਣ 'ਤੇ ਇਸ ਦੂਜੀ ਗੱਡੀ ਦੇ ਅੰਦਰੋਂ ਵੀ ਲਾਸ਼ ਮਿਲੀ। ਫਿਲਹਾਲ ਦੋਵਾਂ ਮੌਤਾਂ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਟੋਰੌਂਟੋ ਪੁਲਿਸ ਦੀ ਹੋਮੀਸਾਈਡ ਯੂਨਿਟ ਵਲੋਂ ਜਾਂਚ ਸੰਭਾਲੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਕਹਿਣਾ ਅਜੇ ਬਹੁਤ ਜਲਦਬਾਜ਼ੀ ਹੋਵੇਗਾ ਕਿ ਕੀ ਇਹ ਦੋਵੇਂ ਘਟਨਾਵਾਂ ਆਪਸ ਵਿਚ ਜੁੜੀਆਂ ਹਨ ਪਰ ਜਾਂਚ ਵਿਚ ਇਸ ਪਹਿਲੂ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ।




