Oct 12, 2022 9:32 PM - The Canadian Press

ਔਂਟੈਰੀਓ 'ਚ ਇੰਸਫਿਲ ਦੇ ਇਲਾਕੇ 'ਚ ਸਿਮਕੋ ਕਾਉਂਟੀ 'ਚ ਸ਼ੂਟਿੰਗ ਦੀ ਵਾਰਦਾਤ 'ਚ 2 ਪੁਲਿਸ ਅਫਸਰਾਂ ਦੀ ਮੌਤ ਹੋ ਗਈ ਹੈ।
ਘਟਨਾ ਮੰਗਲਵਾਰ ਰਾਤ ਇੱਕ ਘਰ 'ਚ ਵਾਪਰੀ।
ਪੀੜਤ ਅਫਸਰਾਂ ਦੀ ਪਛਾਣ 33 ਸਾਲਾ ਕਾਂਸਟੇਬਲ ਡੈਵਨ ਨੌਰਥਰਪ ਅਤੇ 54 ਸਾਲਾ ਕਾਂਸਟੇਬਲ ਮੌਰਗਨ ਰਸਲ ਵਜੋਂ ਹੋਈ ਹੈ।
ਘਟਨਾ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਵਿਰੋਧੀ ਧਿਰ ਕੰਜ਼ਰਵੇਟਿਵਸ ਦੇ ਲੀਡਰ ਪੀਅਰ ਪੌਲੀਐਵ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਟਰੂਡੋ ਨੇ ਕਿਹਾ ਕਿ ਉਹ ਸਾਊਥ ਸਿਮਕੋ ਦੀ ਪੁਲਿਸ ਪ੍ਰਤੀ ਡੂੰਘੀ ਸੰਵੇਦਨਾ ਜਾਹਿਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਡਿਊਟੀ ਨਿਭਾਉਂਦਿਆਂ 2 ਅਫਸਰਾਂ ਦਾ ਜਾਨ ਗਵਾਉਣਾ ਦੁੱਖਦਾਈ ਹੈ।
ਉਨ੍ਹਾਂ ਕਿਹਾ ਕਿ ਇਸ ਮੌਕੇ ਉਹ ਨਾ ਸਿਰਫ ਪੀੜਤ ਅਫਸਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਯਾਦ ਕਰ ਰਹੇ ਹਨ ਬਲਕਿ ਪੂਰੀ ਕਮਿਊਨਿਟੀ ਦਾ ਧਿਆਨ ਕਰ ਰਹੇ ਹਨ।
ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਉਹ 2 ਸਾਊਥ ਸਿਮਕੋ ਪੁਲਿਸ ਅਫਸਰਾਂ ਦੀ ਮੌਤ ਦੀ ਖਬਰ ਸੁਣ ਸਦਮੇ 'ਚ ਹਨ।
ਉਨ੍ਹਾਂ ਕਿਹਾ ਕਿ ਇਹ ਮੁਸ਼ਕਿਲ ਸਮੇਂ 'ਚ ਉਹ ਸਾਊਥ ਸਿਮਕੋ ਪੁਲਿਸ ਸਰਵਿਸ ਦੇ ਪੂਰੇ ਪਰਿਵਾਰ ਅਤੇ ਇਲਾਕੇ ਦੇ ਮੈਂਬਰਾਂ ਦੇ ਲਈ ਸੰਵੇਦਨਾ ਜਾਹਿਰ ਕਰ ਰਹੇ ਹਨ।
ਪ੍ਰੀਮਿਅਰ ਡਗ ਫੋਰਡ ਨੇ ਵੀ ਪੀੜਤ ਅਫਸਰਾਂ ਲਈ ਦੁੱਖ ਪ੍ਰਗਟਾਇਆ ਹੈ।
ਯਾਦ ਰਹੇ ਟੋਰੌਂਟੋ ਦੇ ਉੱਤਰ 'ਚ ਵਾਪਰੀ ਘਟਨਾ 'ਚ ਇੱਕ ਸ਼ੱਕੀ ਦੀ ਵੀ ਮੌਤ ਹੋ ਗਈ ਹੈ।
ਅਧਿਕਾਰੀਆਂ ਅਨੁਸਾਰ 2 ਪੁਲਿਸ ਅਫਸਰਾਂ ਨੇ ਰਾਤ ਕਰੀਬ 8 ਵਜੇ 25 ਸਾਈਡਰੋਡ ਅਤੇ 9 ਲਾਈਨ ਦੇ ਇਲਾਕੇ 'ਚ ਕਿਸੇ ਘਰ 'ਚ ਡਿਸਟਰਬੈਂਸ ਦੀ ਰਿਪੋਰਟ ਕਾਰਨ ਪਹੁੰਚ ਕੀਤੀ ਸੀ।
ਸਪੈਸ਼ਲ ਇਨਵੈਸਟੀਗੇਸ਼ਨਸ ਯੂਨਿਟ ਅਨੁਸਾਰ ਮੌਕੇ 'ਤੇ ਇੱਕ 23 ਸਾਲਾ ਆਦਮੀ ਅਤੇ ਪੁਲਿਸ ਅਫਸਰਾਂ ਵਿਚਾਲੇ ਗੋਲੀ ਚੱਲੀ ਸੀ।




